ਨਵੀਂ ਦਿੱਲੀ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਵੱਡਾ ਐਲਾਨ ਕੀਤਾ ਹੈ। ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (IPL 2025) 'ਚ ਖੇਡਣ ਵਾਲੇ ਖਿਡਾਰੀਆਂ ਨੂੰ ਜੈ ਸ਼ਾਹ ਨੇ ਵੱਡਾ ਤੋਹਫਾ ਦਿੱਤਾ ਹੈ। ਐਕਸ 'ਤੇ ਪੋਸਟ ਕਰਕੇ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਲਈ 7.5 ਲੱਖ ਰੁਪਏ ਮੈਚ ਫੀਸ ਦਾ ਐਲਾਨ ਕੀਤਾ ਹੈ।
ਜੈ ਸ਼ਾਹ ਦਾ ਭਾਰਤੀ ਖਿਡਾਰੀਆਂ ਨੂੰ ਵੱਡਾ ਤੋਹਫਾ
ਜੈ ਸ਼ਾਹ ਨੇ ਪੋਸਟ ਕਰਦਿਆਂ ਲਿਖਿਆ, 'ਆਈਪੀਐਲ ਵਿੱਚ ਨਿਰੰਤਰਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾਉਣ ਲਈ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਅਸੀਂ ਆਪਣੇ ਕ੍ਰਿਕਟਰਾਂ ਲਈ ਪ੍ਰਤੀ ਮੈਚ 7.5 ਲੱਖ ਰੁਪਏ ਦੀ ਮੈਚ ਫੀਸ ਪੇਸ਼ ਕਰਨ ਲਈ ਰੋਮਾਂਚਿਤ ਹਾਂ। ਇੱਕ ਸੀਜ਼ਨ ਵਿੱਚ ਲੀਗ ਦੇ ਸਾਰੇ ਮੈਚ ਖੇਡਣ ਵਾਲੇ ਕ੍ਰਿਕਟਰ ਨੂੰ ਉਸ ਦੀ ਕਰਾਰ ਰਾਸ਼ੀ ਤੋਂ ਇਲਾਵਾ 1.05 ਕਰੋੜ ਰੁਪਏ ਮਿਲਣਗੇ। ਹਰੇਕ ਫਰੈਂਚਾਈਜ਼ੀ ਸੀਜ਼ਨ ਲਈ ਮੈਚ ਫੀਸ ਵਜੋਂ 12.60 ਕਰੋੜ ਰੁਪਏ ਅਲਾਟ ਕਰੇਗੀ। ਇਹ ਆਈਪੀਐਲ ਅਤੇ ਸਾਡੇ ਖਿਡਾਰੀਆਂ ਲਈ ਨਵਾਂ ਦੌਰ ਹੈ'।
ਇਸ ਦੌਰਾਨ IPL 2025 ਦੀ ਮੈਗਾ ਨਿਲਾਮੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸਾਰੀਆਂ ਫ੍ਰੈਂਚਾਈਜ਼ੀਆਂ ਨੂੰ ਘੱਟੋ-ਘੱਟ ਪੰਜ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਉਹ ਰਾਈਟ-ਟੂ-ਮੈਚ ਕਾਰਡ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਹਰ ਟੀਮ ਦਾ ਕੁੱਲ ਪਰਸ ਵੀ ਵਧ ਸਕਦਾ ਹੈ ਅਤੇ 115-120 ਕਰੋੜ ਰੁਪਏ ਤੱਕ ਜਾ ਸਕਦਾ ਹੈ। 2021 ਦੀ ਮੈਗਾ ਨਿਲਾਮੀ ਤੱਕ ਫਰੈਂਚਾਈਜ਼ੀ ਲਈ ਤਨਖਾਹ ਕੈਪ 90 ਕਰੋੜ ਰੁਪਏ ਸੀ।