ਤਰਨ ਤਾਰਨ: ਪੰਚਾਇਤੀ ਚੋਣਾਂ ਨੂੰ ਪੰਜਾਬ ਵਿੱਚ ਇੱਕ ਤਿਉਹਾਰ ਵਜੋਂ ਭਾਵੇ ਮਨਾਇਆ ਜਾ ਰਿਹਾ ਪਰ ਤਰਨ ਤਾਰਨ ਦੇ ਪਿੰਡ ਸੋਹਲ ਸੈਣ ਭਗਤ ਵਿੱਚ ਦੋ ਧਿਰਾਂ ਵਿਚਕਾਰ ਝੜਪ ਦੌਰਾਨ ਗੋਲੀ ਚੱਲ ਗਈ। ਦੱਸਿਆ ਜਾ ਰਿਹਾ ਕਿ ਇਸ ਫਾਇਰਿੰਗ ਦੌਰਾਨ ਇੱਕ ਸ਼ਖ਼ਸ ਦੇ ਗੋਲੀ ਲੱਗ ਗਈ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ।
ਇੱਕ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ (ETV BHARAT PUNJAB (ਰਿਪੋਟਰ,ਤਰਨ ਤਾਰਨ)) ਲਾਈਨ 'ਚ ਖੜ੍ਹੇ ਹੋ ਨੂੰ ਲੈਕੇ ਹੋਇਆ ਵਿਵਾਦ
ਪਿੰਡ ਸੋਹਲ ਸੈਣ ਭਗਤ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਸਬੰਧੀ ਸਥਾਨਕਵਾਸੀਆਂ ਨੇ ਦੱਸਿਆ ਕਿ ਇਹ ਝਗੜਾ ਲਾਈਨ ਵਿੱਚ ਲੱਗਣ ਨੂੰ ਲੈਕੇ ਹੋਇਆ ਅਤੇ ਦੋਵੇਂ ਧਿਰਾਂ ਵੋਟ ਪਾਉਣ ਲਈ ਲਾਈਨ ਵਿੱਚ ਲੱਗੀਆਂ ਸਨ,ਇਸ ਦੌਰਾਨ ਪਹਿਲਾਂ ਹੱਥੋਪਾਈ ਹੋਈ ਅਤੇ ਫਿਰ ਬਾਅਦ ਵਿੱਚ ਗੋਲੀ ਚੱਲ ਪਈ। ਫਾਇਰਿੰਗ ਦੌਰਾਨ ਮਨਪ੍ਰੀਤ ਸਿੰਘ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਮੌਕੇ ਉੱਤੇ ਪਹੁੰਚੀ ਪੁਲਿਸ
ਗੋਲੀ ਦੀ ਵਾਰਦਾਤ ਤੋਂ ਬਾਅਦ ਪੁਲਿਸ ਦੀ ਕੁਇੰਕ ਰਿਸਪਾਂਸ ਐਕਸ਼ਨ ਟੀਮ ਮੌਕੇ ਉੱਤੇ ਪਹੁੰਚੀ ਅਤੇ ਸਾਰੇ ਮਾਮਲੇ ਦੀ ਜਾਂਚ ਮਗਰੋਂ ਗੋਲੀ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਭਰੋਸਾ ਦਿਵਾਇਆ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਭ ਨੂੰ ਜੇਲ੍ਹ ਵਿੱਚ ਡੱਕਿਆ ਜਾਵੇਗਾ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਿੰਡ ਸੋਹਲ ਸੈਣ ਭਗਤ ਵਿੱਚ ਮੁੜ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ।
ਦੱਸ ਦਈਏ ਬਰਨਾਲਾ ਦੇ ਪਿੰਡ ਕਰਮਗੜ੍ਹ ਵਿਖੇ ਵੋਟਿੰਗ ਤੋਂ ਕੂਝ ਘੰਟੇ ਪਹਿਲਾਂ ਝਗੜਾ ਹੋ ਗਿਆ ਅਤੇ ਪੰਚੀ ਦੇ ਉਮੀਦਵਾਰ ਦੇ ਕਾਫੀ ਸੱਟਾਂ ਵੱਜੀਆਂ। ਇਸ ਮੌਕੇ ਜ਼ਖਮੀ ਹੋਏ ਉਮੀਦਵਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਕਰਮਗੜ੍ਹ ਦੇ ਵਾਰਡ ਨੰਬਰ 9 ਤੋਂ ਪੰਚੀ ਦੀ ਚੋਣ ਲੜ ਰਿਹਾ ਹੈ। ਰਾਤ ਨੂੰ ਜਦੋਂ ਉਹ ਪਿੰਡ ਵਿੱਚ ਆਪਣੇ ਘਰ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕਾਰ ਦੀ ਭੰਨਤੋੜ ਕੀਤੀ। ਇਸ ਦੌਰਾਨ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਵਿਰੋਧੀ ਧੜੇ ਵੱਲੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਦੀ ਹਾਰ ਦੇਖ ਕੇ 20-25 ਗੁੰਡਿਆਂ ਨੇ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ।