ਓਡੇਸਾ: ਪੱਛਮੀ ਟੈਕਸਾਸ ਦੇ ਇੱਕ ਖੇਤਰ ਵਿੱਚ ਮੰਗਲਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਅਤੇ ਇੱਕ ਯਾਤਰੀ ਦੀ ਮੌਤ ਹੋ ਗਈ। ਜਹਾਜ਼ ਜ਼ਮੀਨ 'ਤੇ ਡਿੱਗ ਗਿਆ ਅਤੇ ਅੱਗ ਲੱਗ ਗਈ, ਜਿਸ ਕਾਰਨ ਇੱਕ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ : ਟੈਕਸਾਸ ਦੇ ਪਬਲਿਕ ਸੇਫਟੀ ਵਿਭਾਗ ਨੇ ਪਾਇਲਟ ਦੀ ਪਛਾਣ ਹਿਊਸਟਨ ਦੇ ਉਪਨਗਰ ਬੇਲਾਇਰ ਦੇ 48 ਸਾਲਾ ਜੋਸੇਫ ਵਿਨਸੈਂਟ ਸੁਮਾ ਵਜੋਂ ਕੀਤੀ ਹੈ। ਯਾਤਰੀ ਦੀ ਪਛਾਣ ਹਿਊਸਟਨ ਦੇ ਪੂਰਬ ਵਿੱਚ ਔਰੇਂਜ ਦੀ 49 ਸਾਲਾ ਜੋਲੀਨ ਕੈਵੇਰੇਟਾ ਵੇਦਰਲੀ ਵਜੋਂ ਹੋਈ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਜਹਾਜ਼ ਸੇਸਨਾ ਸਾਈਟੇਸ਼ਨ ਬਿਜ਼ਨਸ ਜੈੱਟ ਸੀ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰੇਗਾ।
ਹਾਦਸੇ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਫਟਿਆ :ਘਟਨਾ ਸਥਾਨ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਓਡੇਸਾ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਫਿਰ ਸਵੇਰੇ 7 ਵਜੇ ਦੇ ਕਰੀਬ ਕਰੈਸ਼ ਹੋਣ ਤੋਂ ਪਹਿਲਾਂ ਇੱਕ ਗਲੀ ਵਿੱਚ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਜਿਸ ਕਾਰਨ ਜਹਾਜ਼ 'ਚ ਸਵਾਰ ਦੋਵਾਂ ਲੋਕਾਂ ਦੀ ਮੌਤ ਹੋ ਗਈ। ਐਕਟਰ ਕਾਉਂਟੀ ਸ਼ੈਰਿਫ ਮਾਈਕ ਗ੍ਰਿਫਿਸ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਨੇ ਘਰਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਫਟਿਆ ਅਤੇ ਫਿਰ ਅੱਗ ਲੱਗ ਗਈ।
ਰੈਸਟੋਰੈਂਟ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ :ਇਸ ਹਾਦਸੇ 'ਤੇ ਓਡੇਸਾ ਫਾਇਰ ਰੈਸਕਿਊ ਚੀਫ ਜੇਸਨ ਕਾਟਨ ਨੇ ਦੱਸਿਆ ਕਿ ਕੁਝ ਘਰਾਂ ਅਤੇ ਇਮਾਰਤਾਂ 'ਚ ਅੱਗ ਲੱਗਣ ਦੀਆਂ ਖਬਰਾਂ ਵੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜੇਸਨ ਕਾਟਨ ਨੇ ਅੱਗੇ ਦੱਸਿਆ ਕਿ ਕਰੀਬ 1,14,000 ਦੀ ਆਬਾਦੀ ਵਾਲੇ ਸ਼ਹਿਰ ਵਿੱਚ ਵਾਹਨਾਂ ਅਤੇ ਇੱਕ ਰੈਸਟੋਰੈਂਟ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ ਹਨ।