ਇਸਲਾਮਾਬਾਦ:ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਹਾਲ ਹੀ 'ਚ ਪਾਕਿਸਤਾਨ ਪਹੁੰਚੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਹੱਥ ਮਿਲਾਇਆ, ਜਿਸ ਕਾਰਨ ਪੂਰੇ ਦੇਸ਼ 'ਚ ਹੰਗਾਮਾ ਹੋ ਗਿਆ। ਇਸ ਦੇ ਨਾਲ ਹੀ ਦੋਹਾਂ ਦੀ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਮਰੀਅਮ ਨਵਾਜ਼ ਨੇ ਯੂਏਈ ਦੇ ਰਾਸ਼ਟਰਪਤੀ ਦੇ ਹੱਥ 'ਤੇ ਹੱਥ ਰੱਖਿਆ ਹੈ।
ਪਾਕਿਸਤਾਨ ਦੇ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਲੋਕ ਇਸ ਤਸਵੀਰ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪਾਸੇ ਜਿੱਥੇ ਕੁਝ ਲੋਕ ਕਹਿ ਰਹੇ ਹਨ ਕਿ ਇਹ ਅਜੋਕੇ ਸਮੇਂ ਮੁਤਾਬਿਕ ਬਿਲਕੁਲ ਸਹੀ ਹੈ, ਉੱਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਇਸ ਨੂੰ ਸ਼ਰੀਅਤ ਅਰਥਾਤ ਇਸਲਾਮੀ ਕਾਨੂੰਨਾਂ ਤਹਿਤ ਗਲਤ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਇਸ ਨੂੰ ਲੈ ਕੇ ਇਮਰਾਨ ਖਾਨ ਅਤੇ ਮਰੀਅਮ ਨਵਾਜ਼ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਭਿੜ ਗਏ ਹਨ।
ਇੰਨਾ ਹੀ ਨਹੀਂ ਮਰੀਅਮ ਨਵਾਜ਼ ਨੂੰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਉਸ ਨੂੰ ਇੱਕ ਮਾਮਲੇ ਵਿੱਚ ਜਾਂਚ ਏਜੰਸੀ ਐਨਬੀਏ ਸਾਹਮਣੇ ਪੇਸ਼ ਹੋਣਾ ਪਿਆ ਸੀ ਤਾਂ ਉਸ ਨੇ ਇਹ ਕਹਿ ਕੇ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਪੁੱਛ-ਪੜਤਾਲ ਕਰਨ ਵਾਲੇ ਸਾਰੇ ਵਿਅਕਤੀ ਗ਼ੈਰ-ਮਹਿਰਮ ਹੋਣਗੇ।
ਨਿੱਜੀ ਦੌਰੇ 'ਤੇ ਪਾਕਿਸਤਾਨ ਪਹੁੰਚੇ UAE ਦੇ ਰਾਸ਼ਟਰਪਤੀ
ਤੁਹਾਨੂੰ ਦੱਸ ਦੇਈਏ ਕਿ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਤੇ ਉਪ ਰਾਸ਼ਟਰਪਤੀ ਸ਼ੇਖ ਮਨਸੂਰ ਬਿਨ ਜਾਏਦ ਮੰਗਲਵਾਰ ਨੂੰ ਪਾਕਿਸਤਾਨ ਦੇ ਨਿੱਜੀ ਦੌਰੇ 'ਤੇ ਪਹੁੰਚੇ, ਜਿੱਥੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੀ ਭਤੀਜੀ ਮਰੀਅਮ ਨਵਾਜ਼ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।