ਕੋਲੰਬੋ: ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਨੈਸ਼ਨਲ ਪੀਪਲਜ਼ ਪਾਵਰ (ਐੱਨ. ਪੀ. ਪੀ.) ਦੇ ਲੀਡਰ ਅਨੁਰਾ ਕੁਮਾਰਾ ਦਿਸਾਨਾਇਕ ਨੇ ਮਜ਼ਬੂਤ ਬੜ੍ਹਤ ਹਾਸਲ ਕਰ ਲਈ ਹੈ। ਅਨੁਰਾ ਕੁਮਾਰਾ ਦਿਸਾਨਾਇਕ ਦੀ ਜਿੱਤ ਯਕੀਨੀ ਹੈ। ਦਿਸਾਨਾਇਕ ਨੇ ਨੈਸ਼ਨਲ ਪੀਪਲਜ਼ ਪਾਵਰ ਅਲਾਇੰਸ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਗਠਜੋੜ ਵਿੱਚ ਜਨਤਾ ਵਿਮੁਕਤੀ ਪੇਰੇਮੁਨਾ (ਜੇਪੀਵੀ) ਪਾਰਟੀ ਵੀ ਸ਼ਾਮਲ ਹੈ। ਸ਼੍ਰੀਲੰਕਾ ਨੇ 2022 ਵਿੱਚ ਆਰਥਿਕ ਮੰਦੀ ਤੋਂ ਬਾਅਦ ਪਹਿਲੀ ਚੋਣ ਵਿੱਚ ਇੱਕ ਖੱਬੇਪੱਖੀ ਰਾਸ਼ਟਰਪਤੀ ਚੁਣਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਖੱਬੇਪੱਖੀ ਨੇਤਾ ਦਿਸਾਨਾਇਕ ਚੀਨ ਦੇ ਸਮਰਥਕ ਹਨ। ਉਨ੍ਹਾਂ ਨੇ ਕਈ ਮਾਮਲਿਆਂ ਵਿੱਚ ਚੀਨ ਦਾ ਸਮਰਥਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਵਿੱਚ ਇੱਕ ਵੱਡੇ ਭਾਰਤੀ ਉਦਯੋਗਪਤੀ ਦੇ ਪ੍ਰੋਜੈਕਟ ਨੂੰ ਰੱਦ ਕਰਨ ਦੀ ਗੱਲ ਹੋਈ ਹੈ। ਕੁਮਾਰਾ ਦਿਸਾਨਾਇਕ ਦਾ ਰਾਸ਼ਟਰਪਤੀ ਬਣਨਾ ਲਗਭਗ ਤੈਅ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦਿਸਾਨਾਇਕ ਨੂੰ 52 ਫੀਸਦੀ ਵੋਟਾਂ ਮਿਲੀਆਂ ਹਨ। ਉਹ ਭਾਰੀ ਬਹੁਮਤ ਨਾਲ ਜਿੱਤ ਵੱਲ ਵਧ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੀਜੇ ਸਥਾਨ 'ਤੇ ਹਨ।
ਇਸ ਵਾਰ ਰਾਸ਼ਟਰਪਤੀ ਚੋਣ ਵਿੱਚ ਕਰੀਬ 75 ਫੀਸਦੀ ਵੋਟਿੰਗ ਹੋਈ, ਜੋ ਪਿਛਲੀਆਂ ਚੋਣਾਂ ਨਾਲੋਂ ਘੱਟ ਹੈ। ਨਵੰਬਰ 2019 ਵਿੱਚ ਹੋਈਆਂ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ 83 ਫੀਸਦੀ ਵੋਟਿੰਗ ਹੋਈ ਸੀ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ 7 ਵਜੇ ਤੱਕ ਐਲਾਨੀ ਗਈ ਕੁੱਲ ਵੋਟਾਂ ਦੀ ਗਿਣਤੀ 'ਚ 56 ਸਾਲਾ ਦਿਸਾਨਾਇਕ ਨੇ ਆਪਣੇ ਨਜ਼ਦੀਕੀ ਵਿਰੋਧੀ ਸਾਜਿਥ ਪ੍ਰੇਮਦਾਸਾ (57) ਦੇ ਖਿਲਾਫ ਭਾਰੀ ਵੋਟਾਂ ਹਾਸਲ ਕੀਤੀਆਂ। ਪ੍ਰੇਮਦਾਸਾ ਮੁੱਖ ਵਿਰੋਧੀ ਧਿਰ ਦੇ ਨੇਤਾ ਹਨ। ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੀਜੇ ਸਥਾਨ 'ਤੇ ਹਨ।
ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ, 'ਲੰਬੀ ਅਤੇ ਮੁਸ਼ਕਲ ਮੁਹਿੰਮ ਤੋਂ ਬਾਅਦ ਹੁਣ ਚੋਣਾਂ ਦੇ ਨਤੀਜੇ ਸਪੱਸ਼ਟ ਹਨ। ਹਾਲਾਂਕਿ ਮੈਂ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਲਈ ਕਾਫੀ ਪ੍ਰਚਾਰ ਕੀਤਾ ਪਰ ਸ਼੍ਰੀਲੰਕਾ ਦੇ ਲੋਕਾਂ ਨੇ ਆਪਣਾ ਫੈਸਲਾ ਲਿਆ ਹੈ। ਮੈਂ ਅਨੁਰਾ ਕੁਮਾਰਾ ਦਿਸਾਨਾਇਕ ਦੇ ਆਦੇਸ਼ ਦਾ ਪੂਰਾ ਸਨਮਾਨ ਕਰਦਾ ਹਾਂ। ਲੋਕਤੰਤਰ ਵਿੱਚ, ਲੋਕਾਂ ਦੀ ਇੱਛਾ ਦਾ ਸਤਿਕਾਰ ਕਰਨਾ ਮਹੱਤਵਪੂਰਨ ਹੈ ਅਤੇ ਮੈਂ ਬਿਨਾਂ ਝਿਜਕ ਅਜਿਹਾ ਕਰਦਾ ਹਾਂ। ਮੈਂ ਸ਼੍ਰੀ ਦਿਸਾਨਾਇਕ ਅਤੇ ਉਨ੍ਹਾਂ ਦੀ ਟੀਮ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ।