ਨਿਊਯਾਰਕ : ਕਵਾਡ ਨੇਤਾਵਾਂ ਦਾ ਸਿਖਰ ਸੰਮੇਲਨ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਜਾ ਰਿਹਾ ਹੈ, ਕਵਾਡ ਦੇ ਵਿਦੇਸ਼ ਮੰਤਰੀਆਂ ਨੇ ਇਸ ਦਾ ਸਵਾਗਤ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਆ ਸਕਦੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਯੋਕੋ ਕਾਮਿਕਾਵਾ ਨੇ ਸੋਮਵਾਰ ਨੂੰ ਟੋਕੀਓ ਵਿੱਚ ਆਪਣੀ ਮੀਟਿੰਗ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਭਾਰਤ ਵਿੱਚ ਕਵਾਡ ਸੰਮੇਲਨ ਦੇ ਆਯੋਜਨ ਦਾ ਸਵਾਗਤ ਕੀਤਾ।
ਇਸ ਸਾਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਵਾਰੀ ਹੈ। ਪਹਿਲਾਂ ਇਹ ਜਨਵਰੀ ਵਿੱਚ ਹੋਣ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ ਕਿਉਂਕਿ ਬਾਈਡਨ ਇਸ ਵਿੱਚ ਸ਼ਾਮਿਲ ਹੋਣ ਵਿੱਚ ਅਸਮਰੱਥ ਸੀ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਪਿਛਲੇ ਹਫਤੇ ਪੁਸ਼ਟੀ ਕੀਤੀ ਸੀ ਕਿ ਬਾਈਡਨ ਭਾਰਤ 'ਚ ਹੋਣ ਵਾਲੇ ਸੰਮੇਲਨ 'ਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ, "ਅਸੀਂ ਇਸ ਸਾਲ ਕਵਾਡ ਲੀਡਰ ਸਮਿਟ ਦੇ ਆਯੋਜਨ ਲਈ ਵਚਨਬੱਧ ਹਾਂ, ਪਰ ਫਿਲਹਾਲ ਇਸ ਲਈ ਕੈਲੰਡਰ ਵਿੱਚ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ।"