ਢਾਕਾ: ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫ਼ਾ ਦੇ ਦਿੱਤਾ ਹੈ। ਨਾਲ ਹੀ ਉਹ ਰਾਜਧਾਨੀ ਢਾਕਾ ਛੱਡ ਕੇ ਕਿਸੇ ਸੁਰੱਖਿਅਤ ਥਾਂ 'ਤੇ ਚਲੀ ਗਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ੇਖ ਹਸੀਨਾ ਦੇਸ਼ ਛੱਡ ਚੁੱਕੀ ਹੈ। ਦੇਸ਼ ਛੱਡਣ ਸਮੇਂ ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ ਵੀ ਉਨ੍ਹਾਂ ਦੇ ਨਾਲ ਸੀ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਢਾਕਾ 'ਚ ਸ਼ੇਖ ਹਸੀਨਾ ਦੀ ਸਰਕਾਰੀ ਰਿਹਾਇਸ਼ 'ਤੇ ਧਾਵਾ ਬੋਲ ਦਿੱਤਾ ਹੈ। ਹਾਲਾਂਕਿ ਹਸੀਨਾ ਰਿਹਾਇਸ਼ 'ਤੇ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਸੀਨਾ ਹੈਲੀਕਾਪਟਰ ਰਾਹੀਂ ਭਾਰਤ ਲਈ ਰਵਾਨਾ ਹੋ ਗਈ ਹੈ। ਹਸੀਨਾ ਅਤੇ ਉਸਦੀ ਭੈਣ ਸ਼ੇਖ ਰੇਹਾਨਾ ਪੱਛਮੀ ਬੰਗਾਲ ਵੱਲ ਜਾ ਰਹੇ ਹੈਲੀਕਾਪਟਰ ਵਿੱਚ ਹਨ। ਢਾਕਾ ਵਿੱਚ ਭਾਰੀ ਹਿੰਸਾ ਦੀ ਖ਼ਬਰ ਹੈ।
ਹੁਣ ਤੱਕ ਕੀ ਹੋਇਆ
- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ
- ਅਸਤੀਫਾ ਦੇਣ ਤੋਂ ਬਾਅਦ ਉਹ ਭਾਰਤ ਚਲੀ ਗਈ।
- ਪ੍ਰਦਰਸ਼ਨਕਾਰੀਆਂ ਦਾ ਪ੍ਰਧਾਨ ਮੰਤਰੀ ਨਿਵਾਸ 'ਤੇ ਕਬਜ਼ਾ
- ਪ੍ਰਦਰਸ਼ਨਕਾਰੀ ਰਿਹਾਇਸ਼ ਤੋਂ ਮਹਿੰਗੀਆਂ ਚੀਜ਼ਾਂ ਲੈ ਕੇ ਭੱਜ ਗਏ
- ਰਾਜਧਾਨੀ ਢਾਕਾ 'ਚ ਕਈ ਥਾਵਾਂ 'ਤੇ ਹਿੰਸਾ ਹੋਈ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਫੌਜ ਬਣਾਏਗੀ ਅੰਤਰਿਮ ਸਰਕਾਰ:ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਾਕਰ-ਉਜ਼-ਜ਼ਮਾਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ। ਫੌਜ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਬਣਾਏਗੀ। ਉਨ੍ਹਾਂ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ, ਸੂਤਰ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਸ਼ੇਖ ਹਸੀਨਾ ਅਤੇ ਉਸਦੀ ਭੈਣ ਗਣ ਭਵਨ (ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼) ਛੱਡ ਕੇ ਸੁਰੱਖਿਅਤ ਸਥਾਨ 'ਤੇ ਚਲੇ ਗਏ ਹਨ। ਪੀਐਮ ਹਸੀਨਾ ਭਾਸ਼ਣ ਰਿਕਾਰਡ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਨਹੀਂ ਮਿਲਿਆ। ਏਐਫਪੀ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਪ੍ਰਧਾਨ ਮੰਤਰੀ ਹਸੀਨਾ ਦੇ ਮਹਿਲ ਵਿੱਚ ਧਾਵਾ ਬੋਲ ਦਿੱਤਾ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਦੇ ਪੁੱਤਰ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣ-ਚੁਣੀ ਸਰਕਾਰ ਨੂੰ ਸੱਤਾ ਵਿਚ ਆਉਣ ਤੋਂ ਰੋਕਣ।
ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦਾ ਢਾਕਾ ਵੱਲ ਮਾਰਚ:ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਹਿੰਸਾ ਦੀ ਇੱਕ ਨਵੀਂ ਘਟਨਾ ਵਿੱਚ ਛੇ ਲੋਕ ਮਾਰੇ ਗਏ। ਇਸ ਦੇ ਨਾਲ ਹੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਢਾਕਾ ਤੱਕ ਲਾਂਗ ਮਾਰਚ ਕੱਢਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਈ ਵਿਦਿਆਰਥੀ ਸੰਗਠਨਾਂ ਦੇ ਬੈਨਰ ਹੇਠ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਹੋ ਗਿਆ ਸੀ। ਪਰ ਸੱਤਾਧਾਰੀ ਪਾਰਟੀ ਅਵਾਮੀ ਲੀਗ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ, ਜਿਸ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।