ਬਰਨਾਲਾ: ਬਰਨਾਲਾ ਪੁਲਿਸ ਵਲੋਂ ਟੈਂਕਰਾਂ ਵਿੱਚੋਂ ਤੇਲ ਚੋਰੀ ਅਤੇ ਮਿਲਾਵਟ ਕਰਨ ਦਾ ਪਰਦਾਫ਼ਾਸ ਕੀਤਾ ਹੈ। ਬਰਨਾਲਾ ਦੇ ਸੀਆਈਏ ਸਟਾਫ਼ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਟੈਂਕਰ ਵਿੱਚੋਂ ਤੇਲ ਕੱਢਦੇ ਅਤੇ ਮਿਲਾਵਟ ਕਰਦਿਆਂ ਰੰਗੇ ਹੱਥ ਕਾਬੂ ਕੀਤਾ ਗਿਆ ਹੈ। ਮੁਲਜ਼ਮ ਲੰਬੇ ਸਮੇਂ ਤੋਂ ਤੇਲ ਕੰਪਨੀਆ ਦੇ ਟੈਂਕਰਾਂ ਦੀਆਂ ਸੀਲਾਂ ਪੱਟ ਕੇ ਉਸ ਵਿੱਚੋਂ 700 ਤੋਂ 800 ਲੀਟਰ ਚੋਰੀ ਕਰਦੇ ਸਨ ਅਤੇ ਟੈਂਕਰ ਵਿੱਚ ਤੇਲ ਪੂਰਾ ਕਰਨ ਲਈ ਉਸ ਵਿੱਚ ਈਥਾਨੋਲ ਦੀ ਮਿਲਾਵਟ ਕਰ ਦਿੰਦੇ ਤੇ ਸਨ।
ਮੁਲਜ਼ਮਾਂ ਵਿਰੁੱਧ ਮਾਮਲਾ ਦਰਜ
ਮੁਲਜ਼ਮ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਦਾ ਟੈਂਕਰ ਬਠਿੰਡਾ ਤੋਂ ਮੁੱਲਾਂਪੁਰ ਲਿਜਾ ਰਹੇ ਸਨ, ਜਿਸ ਵਿੱਚ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਚਾਰੇ ਮੁਲਜ਼ਮਾਂ ਵਿਰੁੱਧ ਅਲੱਗ-ਅਲੱਗ ਧਾਰਾਵਾਂ ਤਹਿਤ ਬਰਨਾਲਾ ਦੇ ਥਾਣਾ ਰੂੜੇਕੇ ਕਲਾਂ ਵਿਖੇ ਪਰਚਾ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਹੈ।
ਇੰਝ ਦਿੰਦੇ ਸੀ ਵਾਰਦਾਤ ਨੂੰ ਅੰਜਾਮ
ਜਾਣਕਾਰੀ ਦਿੰਦਿਆਂ ਐੱਸ.ਪੀ. ਸੰਦੀਪ ਸਿੰਘ ਮੰਡ, ਐੱਸ.ਪੀ ਗੁਰਜੋਤ ਸਿੰਘ ਕਲੇਰ, ਡੀਐੱਸਪੀ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਮੁਖ਼ਬਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੋਗਾ ਸਿੰਘ ਵਾਸੀ ਦੁਆਰਿਆ ਵਾਲੀ ਨੇੜੇ ਕੋਟਕਪੁਰਾ ਤੇ ਲਖਵੀਰ ਸਿੰਘ ਵਾਸੀ ਵਘੇਹਰ ਮੁਹੱਬਤ ਜ਼ਿਲ੍ਹਾ ਬਠਿੰਡਾ ਨੂੰ ਵੈਸ਼ਨੂੰ ਢਾਬਾ ਧੌਲਾ ਦੇ ਨੇੜੇ ਟੈਂਕਰ ਨੰਬਰੀ ਪੀਬੀ-10ਐੱਚਜੈੱਡ-5964 ’ਚੋਂ ਪੈਟਰੋਲ ਕੱਢਕੇ ਪਲਾਸਟਿਕ ਦੀ ਕੈਨੀ ’ਚ ਪਾਉਂਦੇ ਸਮੇਂ ਕਾਬੂ ਕੀਤਾ।
ਜਿਨ੍ਹਾਂ ਪਾਸੋਂ ਪੁਲਿਸ ਨੇ ਪਲਾਸਟਿਕ ਦੀਆਂ 2 ਕੈਨੀਆਂ ’ਚ 70 ਲੀਟਰ ਪੈਟਰੋਲ, ਲੋਹੇ ਦੀ ਰਾਡ, ਬੋਰੀ ਤੇ 2 ਪਲਾਸਟਿਕ ਦੀਆਂ ਕੈਨੀਆਂ ਬਰਾਮਦ ਕਰਦਿਆਂ ਇੰਨ੍ਹਾਂ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ। ਐੱਸ.ਪੀ. ਸੰਦੀਪ ਸਿੰਘ ਮੰਡ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਗੋਗਾ ਸਿੰਘ ਤੇ ਲਖਵੀਰ ਸਿੰਘ ਤੋਂ ਪੁੱਛਗਿੱਛ ਦੇ ਆਧਾਰ ’ਤੇ ਕੇਸ ’ਚ ਸੁਖਵੀਰ ਸਿੰਘ ਉਰਫ਼ ਸੁੱਖੀ ਵਾਸੀ ਜੱਸੀ ਪਾਉ ਵਾਲੀ ਜ਼ਿਲ੍ਹਾ ਬਠਿੰਡਾ ਤੇ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਝਾੜੀਵਾਲ ਜ਼ਿਲ੍ਹਾ ਫ਼ਰੀਦਕੋਟ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ।
ਇੰਝ ਕਰਦੇ ਸੀ ਮਿਲਾਵਟ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੋਗਾ ਸਿੰਘ ਤੇ ਲਖਵੀਰ ਸਿੰਘ ਤੇਲ ਟੈਂਕਰ ’ਤੇ ਡਰਾਈਵਰੀ ਕਰਦੇ ਹਨ, ਜੋ ਅੱਗੇ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਨਾਲ ਮਿਲ ਕੇ ਨੌਹਰਾ ਪਲਾਂਟ ’ਚ ਸਾਰੇ ਜਣੇ ਡੀਪੂ ’ਚ ਤੇਲ ਲੋਡ ਟੈਂਕਰਾਂ ’ਚੋਂ ਪੈਟਰੋਲ ਚੋਰੀ ਕਰਕੇ ਉਸ ’ਚ ਇੰਥਨੋਲ ਪਾ ਦਿੰਦੇ ਸਨ। ਮੁਲਜ਼ਮ ਨੌਹਰੇ ’ਚ ਲਗਾਕੇ ਕੈਂਟਰ ਨੂੰ ਲੱਗੇ ਤਾਲੇ ਦੇ ਆਲੇ-ਦੁਆਲੇ ਲੱਗੇ ਰਿਬਟਾਂ ਨੂੰ ਪੁੱਟਕੇ ਹਰੇਕ ਗੇੜੇ ਟੈਂਕਰ ’ਚੋਂ 700\800 ਲੀਟਰ ਪੈਟਰੋਲ ਕੱਢ ਕੇ ਉਸ ’ਚ ਇੰਥਨੋਲ ਮਿਲਾਉਂਦੇ ਸਨ ਤੇ ਹਰੇਕ ਗੇੜੇ ਕਰੀਬ 40\50 ਲੀਟਰ ਡੀਜ਼ਲ ਵੀ ਚੋਰੀ ਕਰਦੇ ਸਨ।
ਮੁਲਜ਼ਮਾਂ ਪਾਸੋਂ ਹੁਣ ਤੱਕ ਇੱਕ ਟੈਂਕਰ ਨੰਬਰੀ ਪੀਬੀ-10ਐੱਚਜੈੱਡ-5964 ਡੀਜ਼ਲ ਤੇ ਪੈਟਰੋਲ ਲੋਡਿਡ, ਪਲਾਸਟਿਕ ਦੀਆਂ 2 ਕੈਨੀਆਂ ’ਚ 70 ਲੀਟਰ ਪੈਟਰੋਲ, 2 ਕੈਨੀਆਂ ’ਚ 300 ਲੀਟਰ ਇੰਥਨੋਲ, 2 ਖਾਲੀ ਕੈਨੀਆਂ, ਲੋਹੇ ਦੀ ਰਾਡ ਤੇ ਕੁੰਡੀ, ਇੱਕ ਬੋਰੀ ਪੱਲੜ ਤੇ 1 ਰਿਪਟ ਗੰਨ ਬਰਾਮਦ ਕੀਤੀ ਗਈ ਹੈ।
ਮੁਲਜ਼ਮ ਸੁਖਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਮਾਮਲੇ : ਇੰਸ. ਬਲਜੀਤ ਸਿੰਘ
ਇਸ ਮੌਕੇ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸੁਖਵੀਰ ਸਿੰਘ ਉਰਫ਼ ਸੁੱਖੀ ਵਾਸੀ ਜੱਸੀ ਪਾਉ ਵਾਲੀ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਵਿਖੇ 1 ਤੇ ਥਾਣਾ ਆਰ.ਪੀ.ਐੱਫ਼ ਬਠਿੰਡਾ ਵਿਖੇ 2 ਮਾਮਲੇ ਪਹਿਲਾਂ ਤੋਂ ਦਰਜ਼ ਹਨ।