ਪੰਜਾਬ

punjab

ETV Bharat / hukamnama

14 ਫੱਗਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Daily Hukamnama

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Daily Hukamnama Golden Temple 26 February 2024
Daily Hukamnama Golden Temple 26 February 2024

By ETV Bharat Punjabi Team

Published : Feb 26, 2024, 6:27 AM IST

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ:ਸਲੋਕੁ ਮਃ ੩ ॥ ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ ਮਃ ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥ ਪਉੜੀ ॥ ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥ ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥ ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥ ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥ ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥ ਸੋਮਵਾਰ, ੧੪ ਫੱਗਣ (ਸੰਮਤ ੫੫੫ ਨਾਨਕਸ਼ਾਹੀ) ੨੬ ਫਰਵਰੀ, ੨੦੨੪ (ਅੰਗ: ੬੪੮)

ਅੱਜ ਦਾ ਹੁਕਮਨਾਮਾ

ਪੰਜਾਬੀ ਵਿਆਖਿਆ :ਸਲੋਕੁ ਮਃ ੩ ॥ ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ । ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ; ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤਿ੍ਰਸ਼ਨਾ ਕਦੇ ਨਹੀਂ ਲਹਿੰਦੀ; ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ । ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ)।੨। ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ; ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ । (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ; ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ । ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ।੧੭। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ABOUT THE AUTHOR

...view details