ਅੱਜ ਦੇ ਸਮੇਂ 'ਚ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ ਦੇ ਸੰਕੇਤ ਸਰੀਰ ਦੇ ਕਈ ਅੰਗ ਪਹਿਲਾ ਹੀ ਦੇਣ ਲੱਗਦੇ ਹਨ। ਇਨ੍ਹਾਂ ਅੰਗਾਂ 'ਚ ਅੱਖਾਂ ਵੀ ਸ਼ਾਮਲ ਹਨ। ਜੀ ਹਾਂ...ਅੱਖਾਂ ਰਾਹੀਂ ਕਈ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ। ਡਾਕਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਪੀਲੀਆਂ ਅੱਖਾਂ ਸਿਰਫ਼ ਇੱਕ ਲੱਛਣ ਨਹੀਂ ਹਨ ਸਗੋਂ ਕਈ ਬਿਮਾਰੀਆਂ ਦੀ ਨਿਸ਼ਾਨੀ ਹੈ। ਜੇਕਰ ਅੱਖਾਂ ਦਾ ਚਿੱਟਾ ਹਿੱਸਾ ਹਲਕਾ ਪੀਲਾ ਹੋਣ ਲੱਗ ਜਾਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪੀਲੀਆਂ ਅੱਖਾਂ ਕਈ ਬਿਮਾਰੀਆਂ ਦਾ ਲੱਛਣ ਹੋ ਸਕਦੀਆਂ ਹਨ, ਜਿਸ ਵਿੱਚ ਪੀਲੀਆ ਵੀ ਸ਼ਾਮਲ ਹੈ।
ਅੱਖਾਂ ਦਾ ਪੀਲਾ ਹੋਣਾ ਇਨ੍ਹਾਂ ਬਿਮਾਰੀਆਂ ਦਾ ਸੰਕੇਤ
ਹੈਪੇਟਾਈਟਸ ਦੇ ਲੱਛਣ: ਅੱਖਾਂ ਦਾ ਪੀਲਾ ਹੋਣਾ ਹੈਪੇਟਾਈਟਸ ਦੀ ਨਿਸ਼ਾਨੀ ਹੋ ਸਕਦੀ ਹੈ। ਹੈਪੇਟਾਈਟਸ ਵਿੱਚ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ, ਕਿਉਂਕਿ ਇਸ ਬਿਮਾਰੀ ਕਾਰਨ ਜਿਗਰ ਵਿੱਚ ਸੋਜ ਆ ਜਾਂਦੀ ਹੈ। ਹੈਪੇਟਾਈਟਸ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਇਹ ਬਿਲੀਰੂਬਿਨ ਨੂੰ ਫਿਲਟਰ ਕਰਨ ਦੇ ਯੋਗ ਨਹੀਂ ਹੁੰਦਾ। ਇਸ ਨਾਲ ਪੀਲੀਆ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।
ਸਿਕਲ ਸੈੱਲ ਅਨੀਮੀਆ: ਸਿਕਲ ਸੈੱਲ ਅਨੀਮੀਆ ਅੱਖਾਂ ਦੇ ਪੀਲੇਪਣ ਦਾ ਕਾਰਨ ਬਣ ਸਕਦਾ ਹੈ। ਸਿਕਲ ਸੈੱਲ ਅਨੀਮੀਆ ਵਿੱਚ ਸਰੀਰ ਵਿੱਚ ਚਿਪਚਿਪਾ ਖੂਨ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਜਿਗਰ ਜਾਂ ਤਿੱਲੀ ਵਿੱਚ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਬਿਲੀਰੂਬਿਨ ਬਣਨਾ ਸ਼ੁਰੂ ਹੋ ਜਾਂਦਾ ਹੈ। ਪੀਲੀਆਂ ਅੱਖਾਂ ਤੋਂ ਇਲਾਵਾ ਸਿਕਲ ਸੈੱਲ ਅਨੀਮੀਆ ਉਂਗਲਾਂ ਵਿੱਚ ਦਰਦ ਅਤੇ ਸੋਜ ਦਾ ਕਾਰਨ ਵੀ ਬਣਦਾ ਹੈ।
ਸਿਰੋਸਿਸ: ਪੀਲੀਆਂ ਅੱਖਾਂ ਸਿਰੋਸਿਸ ਦੀ ਨਿਸ਼ਾਨੀ ਵੀ ਹਨ। ਸਿਰੋਸਿਸ ਉਦੋਂ ਹੁੰਦਾ ਹੈ ਜਦੋਂ ਜਿਗਰ ਦੇ ਸੈੱਲ ਖਰਾਬ ਹੋ ਜਾਂਦੇ ਹਨ। ਇਹ ਹੌਲੀ-ਹੌਲੀ ਹੁੰਦਾ ਹੈ। ਇਸ ਬਿਮਾਰੀ ਦੌਰਾਨ ਜਿਗਰ ਦਾ ਆਕਾਰ ਛੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਗਰ ਦੀ ਕੋਮਲਤਾ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ। ਸਿਰੋਸਿਸ ਇੱਕ ਅਜਿਹੀ ਬਿਮਾਰੀ ਹੈ ਜੋ ਜ਼ਿਆਦਾ ਸ਼ਰਾਬ ਪੀਣ ਕਾਰਨ ਹੁੰਦੀ ਹੈ। ਜੇਕਰ ਤੁਹਾਡੀਆਂ ਅੱਖਾਂ ਲੰਬੇ ਸਮੇਂ ਤੱਕ ਪੀਲੀਆਂ ਰਹਿੰਦੀਆਂ ਹਨ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।