ਹੈਦਰਾਬਾਦ: ਬਦਲਦੇ ਮੌਸਮ ਕਾਰਨ ਲੋਕ ਵਾਈਰਲ ਬੁਖਾਰ ਅਤੇ ਖੰਘ ਵਰਗੀਆਂ ਸਮੱਸਿਆਵਾਂ ਦਾ ਆਮ ਸ਼ਿਕਾਰ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਐਂਟੀਬਾਇਓਟਿਕਸ ਲੈ ਲੈਂਦੇ ਹਨ, ਜੋ ਕਿ ਗਲਤ ਹੈ। ਮਸ਼ਹੂਰ ਜਨਰਲ ਫਿਜ਼ੀਸ਼ੀਅਨ ਡਾਕਟਰ ਐਮਵੀ ਰਾਓਨੇ ਵਾਇਰਲ ਬੁਖਾਰ ਦੇ ਸੀਜ਼ਨ ਦੌਰਾਨ ਐਂਟੀਬਾਇਓਟਿਕਸ ਦੀ ਵਰਤੋਂ ਵਿਰੁੱਧ ਇੱਕ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਐਂਟੀਬਾਇਓਟਿਕਸ ਫਲੂ ਵਰਗੇ ਵਾਇਰਲ ਇਨਫੈਕਸ਼ਨਾਂ ਦੇ ਵਿਰੁੱਧ ਬੇਅਸਰ ਹੈ। ਮਰੀਜ਼ ਅਕਸਰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਐਂਟੀਬਾਇਓਟਿਕਸ ਲੈਂਦੇ ਹਨ।
ਡਾ. ਰਾਓ ਨੇ ਦੱਸਿਆ ਕਿ,"ਫਲੂ ਲਈ ਐਂਟੀਬਾਇਓਟਿਕਸ ਦੀ ਵਰਤੋਂ ਨਾ ਸਿਰਫ਼ ਵਾਇਰਸ ਦਾ ਇਲਾਜ ਕਰਨ ਵਿੱਚ ਅਸਫਲ ਰਹਿੰਦੀ ਹੈ, ਸਗੋਂ ਸਰੀਰ ਵਿੱਚ ਲਾਭਦਾਇਕ ਬੈਕਟੀਰੀਆ ਨੂੰ ਵੀ ਨਸ਼ਟ ਕਰ ਦਿੰਦੀ ਹੈ, ਜਿਸ ਨਾਲ ਮਰੀਜ਼ ਦੀ ਹਾਲਤ ਵਿਗੜ ਸਕਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੁਰਵਰਤੋਂ ਦੇ ਨਤੀਜੇ ਵਜੋਂ ਨਿਮੋਨੀਆ ਵਰਗੀਆਂ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ, ਖਾਸ ਕਰਕੇ ਬਜ਼ੁਰਗਾਂ ਅਤੇ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਵਿੱਚ, ਜੋ ਫਲੂ ਦੀ ਵੈਕਸੀਨ ਨਾ ਲਗਵਾਉਣ 'ਤੇ ਗੰਭੀਰ ਨਤੀਜਿਆਂ ਲਈ ਵਧੇਰੇ ਕਮਜ਼ੋਰ ਹੁੰਦੇ ਹਨ।"
ਦਰਦ ਨਿਵਾਰਕ ਦਵਾਈਆਂ ਦੇ ਖਤਰੇ:ਡਾ: ਰਾਓਨੇ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਦੌਰਾਨ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਨਾਲ ਹੋਣ ਵਾਲੇ ਖ਼ਤਰਿਆਂ ਬਾਰੇ ਵੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋੜਾਂ ਦਾ ਤੇਜ਼ ਦਰਦ ਅਤੇ ਤਕਲੀਫ਼ ਅਕਸਰ ਮਰੀਜ਼ ਨੂੰ ਦਰਦ ਨਿਵਾਰਕ ਦਵਾਈਆਂ ਲੈਣ ਲਈ ਉਕਸਾਉਂਦੀ ਹੈ ਪਰ ਇਸ ਨਾਲ ਬਿਮਾਰੀ ਹੋਰ ਵੀ ਵੱਧ ਸਕਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਡੇਂਗੂ ਦੇ ਸ਼ੁਰੂਆਤੀ ਪੜਾਅ ਵਿੱਚ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਖੂਨ ਵਹਿਣ ਦਾ ਖਤਰਾ ਵਧਾ ਸਕਦੀ ਹੈ ਅਤੇ ਹੋਰ ਪੇਚੀਦਗੀਆਂ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਡਾਕਟਰ ਦੀ ਨਿਗਰਾਨੀ ਤੋਂ ਬਿਨ੍ਹਾਂ ਕਿਸੇ ਵੀ ਦਵਾਈ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ, ਕਿਉਂਕਿ ਇਹ ਜਾਨਲੇਵਾ ਹੋ ਸਕਦੀ ਹੈ।