ਪੰਜਾਬ

punjab

ETV Bharat / health

ਜਾਣੋ, 1 ਜੁਲਾਈ ਨੂੰ ਹੀ ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਡਾਕਟਰ ਦਿਵਸ ਅਤੇ ਇਸ ਦਿਨ ਦਾ ਉਦੇਸ਼ - National Doctors Day 2024 - NATIONAL DOCTORS DAY 2024

National Doctor's Day 2024: ਰਾਸ਼ਟਰੀ ਡਾਕਟਰ ਦਿਵਸ ਭਾਰਤ ਵਿੱਚ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਡਾਕਟਰਾਂ ਦਾ ਧੰਨਵਾਦ ਕਰਨ ਅਤੇ ਸਨਮਾਨ ਕਰਨ ਦਾ ਮੌਕਾ ਦਿੰਦਾ ਹੈ, ਜੋ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਅਤੇ ਲੋਕਾਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ।

National Doctor's Day 2024
National Doctor's Day 2024 (Getty Images)

By ETV Bharat Features Team

Published : Jul 1, 2024, 9:47 AM IST

ਹੈਦਰਾਬਾਦ:ਡਾਕਟਰ ਸਾਡੇ ਸਮਾਜ ਦੇ ਸੱਚੇ ਹੀਰੋ ਹੁੰਦੇ ਹਨ ਅਤੇ ਉਨ੍ਹਾਂ ਦੇ ਸਨਮਾਨ ਤੋਂ ਬਿਨ੍ਹਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ। 1 ਜੁਲਾਈ ਨੂੰ ਦੇਸ਼ ਭਰ ਵਿੱਚ ਮਨਾਇਆ ਜਾਣ ਵਾਲਾ ਰਾਸ਼ਟਰੀ ਡਾਕਟਰ ਦਿਵਸ ਨਾ ਸਿਰਫ਼ ਡਾਕਟਰਾਂ ਦੇ ਡਾਕਟਰੀ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ, ਸਗੋਂ ਸਮਾਜ ਵਿੱਚ ਸਿਹਤ ਅਤੇ ਦਵਾਈ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕਰਦਾ ਹੈ।

ਰਾਸ਼ਟਰੀ ਡਾਕਟਰ ਦਿਵਸ 2024 ਦਾ ਥੀਮ: ਵਰਨਣਯੋਗ ਹੈ ਕਿ ਹਰ ਸਾਲ ਰਾਸ਼ਟਰੀ ਡਾਕਟਰ ਦਿਵਸ ਇੱਕ ਨਵੀਂ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਸਮਾਗਮ ਮਰੀਜ਼ਾਂ ਦੀ ਰੋਜ਼ਾਨਾ ਸਿਹਤ ਸੰਭਾਲ ਕਰਨ, ਉਨ੍ਹਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ, ਸਿਹਤਮੰਦ ਬਣਾਉਣ ਵਿੱਚ ਮਦਦ ਕਰਨ, ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਡਾਕਟਰਾਂ ਦੀ ਭੂਮਿਕਾ ਨੂੰ ਪਛਾਣਨ ਅਤੇ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟਾਉਣ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਇਹ ਦਿਨ 'ਰਜ਼ਿਲੀਏਂਸ ਐਂਡ ਹੀਲਿੰਗ ਹੈਂਡਸ' ਥੀਮ 'ਤੇ ਮਨਾਇਆ ਜਾ ਰਿਹਾ ਹੈ।

ਰਾਸ਼ਟਰੀ ਡਾਕਟਰ ਦਿਵਸ ਦਾ ਇਤਿਹਾਸ: ਰਾਸ਼ਟਰੀ ਡਾਕਟਰ ਦਿਵਸ ਮਨਾਉਣ ਦੀ ਸ਼ੁਰੂਆਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਾਲ 1991 ਵਿੱਚ ਕੀਤੀ ਸੀ। ਇਸ ਸਮਾਗਮ ਨੂੰ ਮਨਾਉਣ ਦਾ ਮੁੱਖ ਮੰਤਵ ਮਹਾਨ ਵੈਦ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾ: ਬਿਧਾਨ ਚੰਦਰ ਰਾਏ ਦੀ ਜਨਮ ਵਰ੍ਹੇਗੰਢ ਅਤੇ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨਾ ਸੀ। ਦੱਸ ਦੇਈਏ ਕਿ ਡਾ: ਰਾਏ ਇੱਕ ਮਹਾਨ ਡਾਕਟਰ, ਸੁਤੰਤਰਤਾ ਸੈਨਾਨੀ ਅਤੇ ਸਮਾਜ ਸੇਵਕ ਸਨ। ਡਾਕਟਰ ਬਿਧਾਨ ਚੰਦਰ ਰਾਏ ਦੁਆਰਾ ਡਾਕਟਰੀ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਸਾਲ 1961 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਰਾਸ਼ਟਰੀ ਡਾਕਟਰ ਦਿਵਸ ਦਾ ਮਹੱਤਵ ਅਤੇ ਉਦੇਸ਼: ਹਰ ਕੋਈ ਜਾਣਦਾ ਹੈ ਕਿ ਡਾਕਟਰ ਸਾਡੀ ਸਿਹਤ ਦੀ ਰੱਖਿਆ ਲਈ ਦਿਨ-ਰਾਤ ਕੰਮ ਕਰਦੇ ਹਨ। ਇਸ ਕੰਮ ਵਿੱਚ ਉਨ੍ਹਾਂ ਨੂੰ ਕੰਮ ਦੇ ਲੰਬੇ ਘੰਟੇ, ਮਾਨਸਿਕ ਅਤੇ ਸਰੀਰਕ ਤਣਾਅ ਅਤੇ ਸੰਕਟਕਾਲੀਨ ਸਥਿਤੀਆਂ ਦਾ ਸਾਹਮਣਾ ਕਰਨਾ ਆਦਿ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰ ਸਾਡੇ ਸਮਾਜ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਉਨ੍ਹਾਂ ਦੀ ਭੂਮਿਕਾ ਦੀ ਕਦਰ ਕਰਨਾ ਅਤੇ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ।

ਰਾਸ਼ਟਰੀ ਡਾਕਟਰ ਦਿਵਸ ਨਾ ਸਿਰਫ਼ ਡਾਕਟਰਾਂ ਨੂੰ ਉਨ੍ਹਾਂ ਦੇ ਪੇਸ਼ੇ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦਾ ਹੈ, ਸਗੋਂ ਇਸ ਮੌਕੇ ਡਾਕਟਰਾਂ ਦੀ ਸਖ਼ਤ ਮਿਹਨਤ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਨ, ਮੰਨਣ ਅਤੇ ਸਨਮਾਨਿਤ ਕਰਨ ਦਾ ਮੌਕਾ ਵੀ ਦਿੰਦਾ ਹੈ। ਇਸ ਮੌਕੇ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਸਿਹਤ ਅਤੇ ਦਵਾਈ ਦੀ ਮਹੱਤਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਨਿਯਮਤ ਸਿਹਤ ਜਾਂਚ ਦੀ ਲੋੜ ਬਾਰੇ ਜਾਣੂ ਹੋ ਸਕਣ।

ਇਸ ਤੋਂ ਇਲਾਵਾ, ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ 'ਤੇ ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ ਅਤੇ ਹਸਪਤਾਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਜਿਵੇਂ ਕਿ ਸੈਮੀਨਾਰ, ਵਰਕਸ਼ਾਪਾਂ, ਸਿਹਤ ਕੈਂਪ ਅਤੇ ਹੋਰ ਕਈ ਤਰ੍ਹਾਂ ਦੇ ਸਮਾਗਮ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜਕੱਲ੍ਹ ਇਸ ਦਿਨ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ।

ABOUT THE AUTHOR

...view details