ਹੈਦਰਾਬਾਦ: ਨਾਰੀਅਲ ਪਾਣੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਣੀ ਸਾਨੂੰ ਗਰਮੀ ਤੋਂ ਬਚਾਉਣ 'ਚ ਮਦਦ ਕਰਦਾ ਹੈ। ਨਾਰੀਅਲ ਪਾਣੀ ਸਭ ਤੋਂ ਪ੍ਰਸਿੱਧ ਸਿਹਤਮੰਦ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਇਸਨੂੰ ਇੱਕ ਕੁਦਰਤੀ ਸਿਹਤਮੰਦ ਡ੍ਰਿੰਕ ਵਜੋਂ ਜਾਣਿਆ ਜਾਂਦਾ ਹੈ। ਨਾਰੀਅਲ ਪਾਣੀ ਦੇ ਕਈ ਸਿਹਤ ਲਾਭ ਜਿਵੇਂ ਕਿ ਬਲੱਡ ਪ੍ਰੈਸ਼ਰ ਨੂੰ ਘਟਾਉਣਾ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ, ਸਰੀਰ ਨੂੰ ਹਾਈਡਰੇਟ ਰੱਖਣਾ ਅਤੇ ਚਮੜੀ ਨੂੰ ਸਿਹਤਮੰਦ ਰੱਖਣਾ ਆਦਿ ਹਨ। ਨਾਰੀਅਲ ਪਾਣੀ ਪੀਣ ਦੇ ਸਿਰਫ਼ ਫਾਇਦੇ ਹੀ ਨਹੀਂ, ਸਗੋ ਨੁਕਸਾਨ ਵੀ ਹੁੰਦੇ ਹਨ। ਜੇਕਰ ਤੁਸੀਂ ਬਹੁਤ ਜ਼ਿਆਦਾ ਨਾਰੀਅਲ ਪਾਣੀ ਪੀਂਦੇ ਹੋ, ਤਾਂ ਕਿਡਨੀ ਦੀ ਸਮੱਸਿਆ ਅਤੇ ਬਲੱਡ ਸ਼ੂਗਰ ਵੱਧਣ ਵਰਗੀਆਂ ਸਮੱਸਿਆਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ।
ਨਾਰੀਅਲ ਪਾਣੀ ਪੀਣ ਦੇ ਨੁਕਸਾਨ:
ਐਲਰਜ਼ੀ: ਨਾਰੀਅਲ ਪਾਣੀ ਵਿਚ ਮੌਜੂਦ ਟ੍ਰੋਪੋਮਾਇਓਸਿਨ ਨਾਂ ਦਾ ਪ੍ਰੋਟੀਨ ਐਲਰਜੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਨਾਰੀਅਲ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ। ਨਾਰੀਅਲ ਪਾਣੀ ਪੀਣ ਨਾਲ ਐਲਰਜੀ ਤੋਂ ਪੀੜਤ ਲੋਕਾਂ ਨੂੰ ਚਿਹਰੇ, ਜੀਭ, ਬੁੱਲ੍ਹ, ਖਾਰਸ਼ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸ਼ੂਗਰ: ਨਾਰੀਅਲ ਪਾਣੀ ਵਿੱਚ ਸੁਕਰੋਜ਼, ਫਰੂਟੋਜ਼ ਅਤੇ ਗਲੂਕੋਜ਼ ਦੇ ਰੂਪ ਵਿੱਚ ਕੁਦਰਤੀ ਸ਼ੱਕਰ ਪਾਈ ਜਾਂਦੀ ਹੈ। ਇਸ ਲਈ ਜ਼ਿਆਦਾ ਨਾਰੀਅਲ ਪਾਣੀ ਪੀਣ ਨਾਲ ਤੁਹਾਡਾ ਬਲੱਡ ਸ਼ੂਗਰ ਵੱਧ ਸਕਦਾ ਹੈ। ਪੈਕ ਕੀਤੇ ਨਾਰੀਅਲ ਦੇ ਪਾਣੀ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਜ਼ਿਆਦਾ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ।
ਬਲੱਡ ਪ੍ਰੈਸ਼ਰ ਦਾ ਘੱਟ ਹੋਣਾ:ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਨਾਰੀਅਲ ਪਾਣੀ ਫਾਇਦੇਮੰਦ ਹੁੰਦਾ ਹੈ। ਪਰ ਘੱਟ ਬੀਪੀ ਵਾਲੇ ਲੋਕਾਂ ਨੂੰ ਨਾਰੀਅਲ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ। ਨਾਰੀਅਲ ਪਾਣੀ 'ਚ ਪੋਟਾਸ਼ੀਅਮ, ਸੋਡੀਅਮ ਅਤੇ ਮੈਂਗਨੀਜ਼ ਪਾਇਆ ਜਾਂਦਾ ਹੈ, ਜੋ ਸਰੀਰ ਦੇ ਕਾਰਜਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਖਣਿਜ ਮਾਸਪੇਸ਼ੀ, ਨਸਾਂ ਦੇ ਕੰਮ, ਸੈੱਲਾਂ ਦੇ ਅੰਦਰ ਅਤੇ ਬਾਹਰ ਤਰਲ ਸੰਤੁਲਨ ਲਈ ਜ਼ਰੂਰੀ ਹੁੰਦੇ ਹਨ। ਇਸ ਲਈ ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਸਰੀਰ 'ਚ ਪੋਟਾਸ਼ੀਅਮ ਵੱਧਦਾ ਹੈ ਅਤੇ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ।
ਗੁਰਦਿਆਂ ਦੀ ਸਮੱਸਿਆ: ਨਾਰੀਅਲ ਪਾਣੀ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਲਈ ਨਾਰੀਅਲ ਪਾਣੀ ਨੂੰ ਜ਼ਿਆਦਾ ਪੀਣ ਨਾਲ ਖੂਨ 'ਚ ਪੋਟਾਸ਼ੀਅਮ ਵੱਧ ਸਕਦਾ ਹੈ ਅਤੇ ਗੁਰਦਿਆਂ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।