ਚੰਡੀਗੜ੍ਹ:ਪੰਜਾਬੀ ਫਿਲਮਾਂ ਦੇ ਸੀਕਵਲ ਬਣਾਉਣ ਦਾ ਰੁਝਾਨ ਕਾਫ਼ੀ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਇੱਕ ਹੋਰ ਸੀਕਵਲ ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਸ਼ਿਤਿਜ਼ ਚੌਧਰੀ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ।
'ਫਰਾਈਡੇ ਰਸ਼ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਵੱਲੋਂ ਕੀਤਾ ਜਾ ਰਿਹਾ, ਜੋ ਇਸ ਤੋਂ ਪਹਿਲਾਂ ਸਾਹਮਣੇ ਆਏ ਇਸੇ ਫਿਲਮ ਸੀਰੀਜ਼ ਦੇ ਦੋਨੇ ਭਾਗਾਂ ਨੂੰ ਵੀ ਨਿਰਮਤ ਕਰ ਚੁੱਕੇ ਹਨ।
ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਕਾਮੇਡੀ ਡਰਾਮਾ ਫਿਲਮ ਦਾ ਲੇਖਨ ਨਰੇਸ਼ ਕਥੂਰੀਆ ਕਰ ਰਹੇ ਹਨ, ਜੋ ਹਾਲੀਆਂ ਸਮੇਂ ਦੌਰਾਨ ਸਾਹਮਣੇ ਆਈਆਂ 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਕੈਰੀ ਆਨ ਜੱਟਾ 3', 'ਹਨੀਮੂਨ' ਜਿਹੀਆਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਵੀ ਲੇਖਨ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਪਾਲੀਵੁੱਡ ਦੇ ਉੱਚ-ਕੋਟੀ ਲੇਖਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ।
ਸਾਲ 2014 ਵਿੱਚ ਰਿਲੀਜ਼ ਹੋਈ 'ਮਿਸਟਰ ਐਂਡ ਮਿਸਿਜ਼ 420' ਅਤੇ ਸਾਲ 2018 ਵਿੱਚ ਸਾਹਮਣੇ ਆਈ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਤੀਸਰੇ ਭਾਗ ਵਜੋਂ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੀ ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ।
ਤਕਰੀਬਨ ਛੇ ਸਾਲਾਂ ਦੇ ਲੰਮੇ ਵਕਫ਼ੇ ਬਾਅਦ ਨਿਰਮਾਣ ਪੜਾਅ ਵੱਲ ਵਧਣ ਜਾ ਰਹੀ ਇਸ ਸੀਕਵਲ ਫਿਲਮ ਸੀਰੀਜ਼ ਨੂੰ ਲੈ ਕੇ ਨਿਰਮਾਤਰੀ ਰੁਪਾਲੀ ਗੁਪਤਾ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਕਾਮੇਡੀ-ਡਰਾਮਾ ਕਹਾਣੀਸਾਰ ਆਧਾਰਿਤ ਇਸ ਫਿਲਮ ਨੂੰ ਉੱਚ ਪੱਧਰੀ ਸਿਨੇਮਾ ਮਾਪਦੰਢਾਂ ਅਧੀਨ ਸਿਰਜਿਆ ਜਾ ਰਿਹਾ ਹੈ, ਜਿਸ ਨੂੰ 30 ਮਈ 2025 ਨੂੰ ਸਿਨੇਮਾ ਘਰਾਂ ਤੱਕ ਪਹੁੰਚਾਇਆ ਜਾਵੇਗਾ।
ਓਧਰ ਜੇਕਰ ਇਸ ਫਿਲਮ ਦੇ ਨਿਰਦੇਸ਼ਕ ਸ਼ਿਤਿਜ਼ ਚੌਧਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਦੇ ਬਿਹਤਰੀਨ ਨਿਰਦੇਸ਼ਕਾਂ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਨਿਰਦੇਸ਼ਕ, ਜੋ ਇਸ ਤੋਂ ਪਹਿਲਾਂ ਆਏ ਇਸੇ ਫਿਲਮ ਸੀਰੀਜ਼ ਦੇ ਦੋਨੋਂ ਭਾਗਾਂ ਤੋਂ ਇਲਾਵਾ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਜੱਟ ਇਨ ਗੋਲਮਾਲ' ਆਦਿ ਵੀ ਸ਼ਾਮਿਲ ਰਹੀਆਂ ਹਨ।