ਅਦਾਕਾਰ ਗੁਰਚਰਨ ਸਿੰਘ ਦੇ ਕੇਸ ਬਾਰੇ ਪੁਲਿਸ ਨਵੀਂ ਦਿੱਲੀ:ਚਾਰ ਦਿਨਾਂ ਤੋਂ ਲਾਪਤਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਗੁਰਚਰਨ ਸਿੰਘ ਨੂੰ ਲੈ ਕੇ ਪੁਲਿਸ ਨੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਲਈ ਮਸ਼ਹੂਰ 50 ਸਾਲਾਂ ਟੀਵੀ ਸਟਾਰ 22 ਅਪ੍ਰੈਲ ਤੋਂ ਲਾਪਤਾ ਹੈ, ਉਸ ਦਿਨ ਉਸ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣਾ ਸੀ।
ਇੱਕ ਰਿਪੋਰਟ ਮੁਤਾਬਕ ਉਸ ਦੇ ਪਿਤਾ ਹਰਜੀਤ ਸਿੰਘ ਨੇ ਗੁਰਚਰਨ ਦੇ ਲਾਪਤਾ ਹੋਣ ਸੰਬੰਧੀ ਦਿੱਲੀ ਦੇ ਪਾਲਮ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਕਾਨ ਮਾਲਕ ਵੰਸ਼ ਧਾਰੀਵਾਲ ਨੇ ਖੁਲਾਸਾ ਕੀਤਾ ਕਿ ਗੁਰਚਰਨ ਦੇ ਮਾਤਾ-ਪਿਤਾ ਪਿਛਲੇ ਦੋ ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੇ ਸਨ ਅਤੇ ਅਦਾਕਾਰ ਅਕਸਰ ਉਨ੍ਹਾਂ ਨੂੰ ਮਿਲਣ ਆਉਂਦਾ ਸੀ। ਹਾਲਾਂਕਿ, ਉਸਦੀ ਆਖਰੀ ਫੇਰੀ ਅਚਾਨਕ ਖਤਮ ਹੋ ਗਈ ਅਤੇ ਉਹ ਬਿਨਾਂ ਕਿਸੇ ਟਰੇਸ ਦੇ ਗਾਇਬ ਹੋ ਗਿਆ।
ਮਕਾਨ ਮਾਲਕ ਨੇ ਦੱਸਿਆ ਕਿ ਪੁਲਿਸ ਪਿਛਲੇ ਦੋ ਦਿਨਾਂ ਤੋਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਨੇ ਸਿਰਫ਼ ਇਹ ਹੀ ਚੈੱਕ ਕੀਤਾ ਹੈ ਕਿ ਗੁਰਚਰਨ ਨੇ ਕਿਹੜੇ ਕੱਪੜੇ ਪਾਏ ਹੋਏ ਸਨ। ਵੰਸ਼ ਨੇ ਕਿਹਾ, "ਪੁਲਿਸ ਪਿਛਲੇ ਦੋ-ਤਿੰਨ ਦਿਨਾਂ ਤੋਂ ਆ ਰਹੀ ਹੈ, ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਪਰ ਉਨ੍ਹਾਂ ਨੇ ਸਿਰਫ ਇਹ ਦੇਖਿਆ ਕਿ ਉਸਨੇ ਕੀ ਪਾਇਆ ਹੋਇਆ ਸੀ ਅਤੇ ਹੋਰ ਕੋਈ ਸੁਰਾਗ ਨਹੀਂ ਮਿਲਿਆ।"
ਗੁਰਚਰਨ ਦੇ ਗੁਆਂਢੀ ਅਕਾਸ਼ ਨੇ ਸਾਂਝਾ ਕੀਤਾ, "ਕਈ ਵਾਰ ਉਹ ਮਾਤਾ-ਪਿਤਾ ਨੂੰ ਮਿਲਣ ਆਉਂਦਾ ਸੀ। ਜਦੋਂ ਵੀ ਆਉਂਦਾ ਸੀ, ਉਹ ਬੱਚਿਆਂ ਨੂੰ ਬਹੁਤ ਪਿਆਰ ਨਾਲ ਮਿਲਦਾ ਸੀ ਅਤੇ ਫੋਟੋਆਂ ਵੀ ਖਿੱਚਵਾਉਂਦਾ ਸੀ। ਸਾਨੂੰ ਕੱਲ੍ਹ ਪਤਾ ਲੱਗਿਆ ਕਿ ਉਹ ਲਾਪਤਾ ਹੈ।"
ਪੁਲਿਸ ਨੇ ਹੁਣ ਤੱਕ ਇਕੱਠੇ ਕੀਤੇ ਸਬੂਤਾਂ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 365 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗੁਰਚਰਨ ਨੂੰ ਆਖਰੀ ਵਾਰ 22 ਅਪ੍ਰੈਲ ਨੂੰ ਦੇਖਿਆ ਗਿਆ ਸੀ, ਉਸ ਨੇ ਦਿੱਲੀ ਤੋਂ ਮੁੰਬਈ ਜਾਣ ਵਾਲੀ ਫਲਾਈਟ 'ਚ ਸਵਾਰ ਹੋਣਾ ਸੀ। ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਲਈ ਮਸ਼ਹੂਰ ਗੁਰਚਰਨ ਨੇ ਪਰਿਵਾਰਕ ਕਾਰਨਾਂ ਅਤੇ ਭੁਗਤਾਨ ਦੇ ਮੁੱਦਿਆਂ ਕਾਰਨ 2020 ਵਿੱਚ ਸ਼ੋਅ ਛੱਡ ਦਿੱਤਾ ਸੀ।