ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਹ ਮੌਜੂਦਾ ਹਫ਼ਤਾ ਮੁੜ ਚੁਣੌਤੀਆਂ ਭਰਿਆ ਸਾਬਿਤ ਹੋਣ ਜਾ ਰਿਹਾ ਹੈ, ਜਿਸ ਸੰਬੰਧਤ ਬਣੇ ਮੰਜ਼ਰ ਦਾ ਭਲੀਭਾਂਤ ਪ੍ਰਗਟਾਵਾ ਕਰਵਾ ਰਹੀਆਂ ਹਨ ਇੱਕੋ ਸਮੇਂ ਹੋਈਆਂ ਰਿਲੀਜ਼ ਹੋਈਆਂ ਤਿੰਨ ਪੰਜਾਬੀ ਫਿਲਮਾਂ, ਜਿਸ ਵਿੱਚ 'ਕਰਮੀ ਆਪੋ ਅਪਣੀ', 'ਰੇਡੂਆ ਰਿਟਰਨਜ਼' ਅਤੇ 'ਹੇ ਸੀਰੀ ਵੇ ਸੀਰੀ' ਸ਼ਾਮਿਲ ਹਨ, ਜਿੰਨ੍ਹਾਂ ਨੂੰ ਮਿਲੀ-ਜੁਲੀ ਦਰਸ਼ਕ ਪ੍ਰਤੀਕਿਰਿਆ ਮਿਲ ਰਹੀ ਹੈ।
ਉਕਤ ਵਿੱਚੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਾਰਮਿਕ ਵਿਸ਼ੇ ਸ਼ਾਰ ਅਧੀਨ ਬਣਾਈ ਗਈ ਪੰਜਾਬੀ ਫਿਲਮ 'ਕਰਮੀ ਆਪੋ ਅਪਣੀ' ਦੀ ਜਿਸ ਦਾ ਨਿਰਮਾਣ 'ਮਿਊਜ਼ਿਕ ਪਲੈਨੇਟ' ਦੇ ਬੈਨਰ ਹੇਠ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਰਨ ਸਿੰਘ ਮਾਨ ਦੁਆਰਾ ਕੀਤਾ ਗਿਆ ਹੈ। ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਸਾਂਚੇ ਅਧੀਨ ਬਣਾਈ ਗਈ ਉਕਤ ਫਿਲਮ 'ਚ ਇੱਕ ਨਵੇਂ ਚਿਹਰੇ ਵਜੋਂ ਸਾਹਮਣੇ ਲਿਆਂਦੇ ਗਏ ਹਨ ਅਦਾਕਾਰਾ ਗੁਰੂ ਸਿੰਘ, ਜਿੰਨ੍ਹਾਂ ਵੱਲੋਂ ਬਤੌਰ ਲੀਡ ਐਕਟਰ ਕੰਮ ਕਰਨ ਦੇ ਨਾਲ-ਨਾਲ ਗੀਤਕਾਰ, ਕਹਾਣੀਕਾਰ ਅਤੇ ਗਾਇਕ ਵਜੋਂ ਵੀ ਕਈ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਦੂਸਰੀ ਜੋ ਪੰਜਾਬੀ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣਾਈ ਗਈ ਹੈ, ਉਹ ਹੈ 'ਹੇ ਸੀਰੀ ਵੇ ਸੀਰੀ, ਜਿਸ ਦਾ ਨਿਰਦੇਸ਼ਨ ਅਵਤਾਰ ਸਿੰਘ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਕਾਮੇਡੀ-ਡਰਾਮਾ ਕਹਾਣੀ ਸਾਰ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਆਰਿਆ ਬੱਬਰ, ਸ਼ਵੇਤਾ ਇੰਦਰ ਕੁਮਾਰ, ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਲੀਡ ਭੂਮਿਕਾਵਾਂ ਵਿੱਚ ਹਨ।