ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਪਹਿਚਾਣ ਰੱਖਦੇ ਕੁਝ ਅਜ਼ੀਮ ਗਾਇਕ ਇੱਕ ਵਿਸ਼ੇਸ਼ ਧਾਰਮਿਕ ਗੀਤ 'ਗੁਰੂ ਮਾਨਿਓ ਗ੍ਰੰਥ' ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸੱਜਿਆ ਇਹ ਗਾਣਾ ਜਲਦ ਵੱਖੋ-ਵੱਖ ਪਲੇਟਫ਼ਾਰਮ ਦੀ ਸ਼ੋਭਾ ਬਣਨ ਜਾ ਰਿਹਾ ਹੈ।
'ਜੇਜੇ ਮਿਊਜ਼ਿਕ' ਅਤੇ 'ਮਨਪ੍ਰੀਤ ਸਿੰਘ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗੀਤ ਨੂੰ ਇਹ ਪਰਥ ਆਫ ਹਿਮਿਊਨਟੀ ਦੀ ਟੈਗ-ਲਾਈਨ ਅਧੀਨ ਸੰਗਤਾਂ ਸਨਮੁੱਖ ਕੀਤਾ ਜਾ ਰਿਹਾ ਹੈ। ਮਾਨਵਤਾ ਦੀ ਭਲਾਈ, ਗੁਰੂਆਂ ਪੀਰਾਂ ਦੀ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਇਸ ਧਾਰਮਿਕ ਗਾਣੇ ਨੂੰ ਆਵਾਜ਼ਾਂ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਦੁਆਰਾ ਦਿੱਤੀਆਂ ਗਈਆਂ ਹਨ।
'ਮਿਊਜ਼ਿਕ ਅੰਪਾਇਰ' ਦੁਆਰਾ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਨਾਲ ਸੰਵਾਰੇ ਗਏ ਇਸ ਧਾਰਮਿਕ ਗੀਤ ਦੇ ਬੋਲਾਂ ਦੀ ਰਚਨਾ ਕਵਿੰਦਰ ਚਾਂਦ ਦੁਆਰਾ ਕੀਤੀ ਗਈ ਹੈ, ਜਦਕਿ ਕੰਪੋਜੀਸ਼ਨ ਦੀ ਸਿਰਜਨਾ ਜਸਬੀਰ ਜੱਸੀ ਨੇ ਕੀਤੀ ਗਈ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਇਹ ਧਾਰਮਿਕ ਗੀਤ ਪੰਜਾਬੀ ਅਤੇ ਧਾਰਮਿਕ ਸੰਗੀਤ ਜਗਤ ਵਿੱਚ ਹਵਾ ਦੇ ਇੱਕ ਤਾਜ਼ਾ ਬੁੱਲੇ ਦਾ ਇਜ਼ਹਾਰ ਅਤੇ ਅਹਿਸਾਸ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਰਵਾਏਗਾ, ਜਿਸ ਨੂੰ ਇਸ ਦਾ ਹਿੱਸਾ ਬਣੇ ਸਾਰੇ ਗਾਇਕਾਂ ਵੱਲੋਂ ਸ਼ਿੱਦਤ ਨਾਲ ਗਾਇਆ ਗਿਆ ਹੈ।