ਚੰਡੀਗੜ੍ਹ:'ਕੋਕਾ' ਅਤੇ 'ਚੜ੍ਹਦੇ ਸਿਆਲ' ਵਰਗੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਾਣੇ ਜਾਂਦੇ ਪੰਜਾਬੀ ਗਾਇਕ ਮਨਕੀਰਤ ਔਲਖ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ ਹਾਲ ਹੀ ਵਿੱਚ ਗਾਇਕ ਨੇ ਇੱਕ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਦੋ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ।
ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਲੱਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰੂ ਨਦਰਿ ਕਰੇਇ!...ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ, ਮੈਂ ਜੁੜਵਾਂ ਬੇਟੀਆਂ ਨਾਲ ਖੁਸ਼ ਹਾਂ...ਸਭ ਤੋਂ ਵਧੀਆ ਭਾਵਨਾ। ਵਾਹਿਗੁਰੂ ਮੇਹਰ ਕਰੇਓ।' ਇਸ ਦੇ ਨਾਲ ਹੀ ਗਾਇਕ ਨੇ ਆਪਣੀਆਂ ਬੇਟੀਆਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀਆਂ ਨਵ-ਜੰਮੀਆਂ ਬੇਟੀਆਂ ਦਾ ਚਿਹਰਾ ਨਜ਼ਰੀ ਪੈ ਰਿਹਾ ਹੈ।
ਹੁਣ ਜਦੋਂ ਤੋਂ ਗਾਇਕ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਸਿਤਾਰੇ ਅਤੇ ਪ੍ਰਸ਼ੰਸਕ ਗਾਇਕ ਨੂੰ ਵਧਾਈਆਂ ਦੇ ਰਹੇ ਹਨ। ਗਾਇਕ ਜੱਸੀ ਗਿੱਲ ਨੇ ਲਿਖਿਆ, 'ਵਧਾਈਆਂ ਭਰਾ'। ਇੰਦਰ ਚਾਹਲ ਨੇ ਲਿਖਿਆ, 'ਮੁਬਾਰਕਾਂ ਹੋਣ ਜਾਨ।' ਇਸ ਤੋਂ ਇਲਾਵਾ ਫੈਨਜ਼ ਨੇ ਪੋਸਟ ਉਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ।
ਇਸ ਦੌਰਾਨ ਜੇਕਰ ਗਾਇਕ ਮਨਕੀਰਤ ਔਲਖ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਪ੍ਰਜਾਂਲ ਦਹੀਆ ਨਾਲ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਜੇਕਰ ਗਾਇਕ ਬਾਰੇ ਹੋਰ ਗੱਲ ਕਰੀਏ ਤਾਂ ਗਾਇਕ ਉਤੇ ਮੂਸਵਾਲੇ ਦੇ ਕਤਲ ਕਾਂਡ ਵਿੱਚ ਸ਼ਾਮਿਲ ਹੋਣ ਦੇ ਕਾਫੀ ਇਲਜ਼ਾਮ ਲੱਗੇ ਸਨ। ਮੂਸੇਵਾਲਾ ਦੇ ਮਾਤਾ-ਪਿਤਾ ਵੀ ਕਈ ਇਸ਼ਾਰਿਆਂ ਵਿੱਚ ਮਨਕੀਰਤ ਔਲਖ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਚੁੱਕੇ ਹਨ। ਇੰਨਾ ਹੀ ਨਹੀਂ ਇੱਕ ਵਾਰ ਗਾਇਕ ਨੂੰ ਵਿਦੇਸ਼ ਜਾਣ ਲਈ ਏਅਰਪੋਰਟ ਉਤੇ ਵੀ ਰੋਕਿਆ ਵੀ ਜਾ ਚੁੱਕਿਆ ਹੈ।