ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਉਦਯੋਗ ਖਾਸ ਕਰ ਟੈਲੀਵਿਜ਼ਨ ਅਤੇ ਸਟੇਜ ਸ਼ੋਅਜ਼ ਦੀ ਦੁਨੀਆਂ ਵਿੱਚ ਬਤੌਰ ਐਂਕਰ ਅਤੇ ਹੋਸਟ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੀ ਹੈ ਬਹੁਪੱਖੀ ਕਲਾਕਾਰਾ ਸਤਿੰਦਰ ਸੱਤੀ, ਜੋ ਲੰਮੇਂ ਸਮੇਂ ਬਾਅਦ ਸਿਨੇਮਾ ਖੇਤਰ ਵਿੱਚ ਸ਼ਾਨਦਾਰ ਕਮਬੈਕ ਲਈ ਤਿਆਰ ਹੈ, ਜਿੰਨ੍ਹਾਂ ਦੀ ਲੀਡਿੰਗ ਭੂਮਿਕਾ ਨਾਲ ਸਜੀ 'ਰੇਡੂਆ ਰਿਟਰਨ' ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਆਊਟਲਾਈਨ ਪ੍ਰੋਡੋਕਸ਼ਨ' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਮਾਹਿਰਾ ਸ਼ਰਮਾ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ 'ਰੇਡੂਆ' ਦੇ ਸੀਕਵਲ ਦੇ ਤੌਰ ਉਤੇ ਸਾਹਮਣੇ ਲਿਆਂਦੀ ਜਾ ਰਹੀ ਹੈ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਨਮਨ ਹੰਜਰਾ, ਯੋਗਰਾਜ ਸਿੰਘ, ਜਸਵੰਤ ਸਿੰਘ ਰਠੌਰ ਦੇ ਨਾਲ ਸਤਿੰਦਰ ਸੱਤੀ ਵੀ ਅਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।
ਸਾਲ 2018 ਵਿੱਚ ਰਿਲੀਜ਼ ਹੋਈ ਉਕਤ ਫਿਲਮ ਦੇ ਪਹਿਲੇ ਭਾਗ 'ਰੇਡੂਆ' ਚ ਨਜ਼ਰ ਆਈ ਇਹ ਹੋਣਹਾਰ ਅਦਾਕਾਰਾ ਲਗਭਗ ਛੇ ਵਰ੍ਹਿਆ ਬਾਅਦ ਸਿਲਵਰ ਸਕ੍ਰੀਨ ਉਪਰ ਅਪਣੀ ਪ੍ਰਭਾਵਸ਼ਾਲੀ ਪ੍ਰੈਜੈਂਸ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਵੀ ਵਿਖਾਈ ਦੇ ਰਹੇ ਹਨ।