ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਬਤੌਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਰਤਨ ਔਲਖ, ਜਿੰਨ੍ਹਾਂ ਨੂੰ ਇੰਨੀਂ ਦਿਨੀਂ ਆਨ ਫਲੌਰ ਪੰਜਾਬੀ ਫਿਲਮ 'ਰੌਣਕ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਤੇਜ਼ੀ ਨਾਲ ਮੁਕੰਮਲਤਾ ਪੜਾਅ ਵੱਲ ਵੱਧ ਰਹੀ ਇਸ ਅਰਥ-ਭਰਪੂਰ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
'ਸਾਗਾ ਸਟੂਡਿਓਜ਼' ਦੇ ਬੈਨਰ ਹੇਠ ਅਤੇ 'ਦਿ ਕੈਪਚਰਿੰਗ ਫੈਕਟਰੀ' ਦੀ ਸੰਯੁਕਤ ਐਸਸੀਏਸ਼ਨ ਅਧੀਨ ਨਿਰਮਤ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜੱਸ ਗਰੇਵਲ ਕਰ ਰਹੇ ਹਨ, ਜੋ ਆਪਣੇ ਹਾਲੀਆ ਸਫ਼ਰ ਦੌਰਾਨ ਜਿੱਥੇ ਕਈ ਬਿਹਤਰੀਨ ਫਿਲਮਾਂ ਦਾ ਲੇਖਣ ਕਰ ਚੁੱਕੇ ਹਨ, ਉਥੇ ਫਿਲਮਕਾਰ ਦੇ ਰੂਪ ਵਿੱਚ ਵੀ ਪੜਾਅ-ਦਰ-ਪੜਾਅ ਮਜ਼ਬੂਤ ਪੈੜਾਂ ਸਿਰਜ ਦੇ ਜਾ ਰਹੇ ਹਨ।
ਮੇਨ ਸਟਰੀਮ ਸਿਨੇਮਾ ਅਤੇ ਫਾਰਮੂਲਾ ਫਿਲਮਾਂ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਜਾ ਰਹੀ ਉਕਤ ਫਿਲਮ ਅਤੇ ਇਸ ਵਿਚਲੀ ਆਪਣੀ ਭੂਮਿਕਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਦਾਕਾਰ ਰਤਨ ਔਲਖ, ਜਿੰਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੀ ਕਰਦਿਆਂ ਦੱਸਿਆ ਕਿ ਜੱਸ ਗਰੇਵਾਲ ਦੀ ਨਿਰਦੇਸ਼ਨਾਂ ਹੇਠ ਕੰਮ ਕਰਨਾ ਇੱਕ ਬਹੁਤ ਹੀ ਵਿਲੱਖਣਤਾ ਦਾ ਅਹਿਸਾਸ ਕਰਵਾਉਂਦਾ ਹੈ, ਕਿਉਂਕਿ ਉਹ ਇੱਕ ਅਜਿਹਾ ਲੇਖਕ ਅਤੇ ਫਿਲਮਕਾਰ ਹੈ, ਜੋ ਜਿੰਨੀ ਮਿਹਨਤ ਆਪਣੀ ਕਿਸੇ ਵੀ ਕਹਾਣੀ ਨੂੰ ਘੜਨ ਵਿੱਚ ਕਰਦਾ ਹੈ, ਉਨੀਂ ਹੀ ਹਰ ਕਿਰਦਾਰ ਨੂੰ ਪ੍ਰਭਾਵਸ਼ਾਲੀ ਰੂਪ ਦੇਣ ਵਿੱਚ ਵੀ ਕਰਦਾ ਹੈ ਅਤੇ ਇਹੀ ਕਾਰਨ ਹੈ ਕਿ ਉਸ ਦੀ ਫਿਲਮ ਨਾਲ ਜੁੜੇ ਹਰ ਐਕਟਰ ਨੂੰ ਦਰਸ਼ਕ ਪੂਰਨ ਸਪੇਸ ਅਤੇ ਪ੍ਰਭਾਵ ਵਿੱਚ ਵੇਖਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੋ ਤੱਕ ਉਕਤ ਫਿਲਮ ਵਿੱਚ ਨਿਭਾਏ ਜਾ ਰਹੇ ਰੋਲ ਦੀ ਗੱਲ ਹੈ ਤਾਂ ਇਸ ਬਾਰੇ ਫਿਲਹਾਲ ਜ਼ਿਆਦਾ ਰਿਵੀਲ ਨਹੀਂ ਕਰ ਸਕਦਾ, ਪਰ ਏਨਾਂ ਜ਼ਰੂਰ ਕਹਾਗਾਂ ਕਿ ਇਸ ਫਿਲਮ ਵਿੱਚ ਵਖਰੇਵੇਂ ਭਰੀ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਵਾਂਗਾ। ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਲਗਭਗ ਪੰਜ ਦਹਾਕਿਆਂ ਦਾ ਸਿਨੇਮਾ ਸਫਰ ਸਫਲਤਾਪੂਰਵ ਹੰਢਾਂ ਚੁੱਕੇ ਰਤਨ ਔਲਖ ਅੱਜਕੱਲ੍ਹ ਜਿੱਥੇ ਨੋਰਥ ਇੰਡੀਆ ਦੇ ਸਭ ਤੋਂ ਵੱਡੇ ਦਾਰਾ ਸਟੂਡੀਓਜ਼ ਦੀ ਕਮਾਂਡ ਬਤੌਰ ਸੀਈਓ ਸੰਭਾਲ ਰਹੇ ਹਨ, ਉਥੇ ਨਿਰਦੇਸ਼ਨ ਦੇ ਤੌਰ 'ਤੇ ਵੀ ਆਪਣੀ ਕਾਰਜਸ਼ੀਲਤਾ ਦਾ ਦਾਇਰਾ ਲਗਾਤਾਰ ਵਿਸ਼ਾਲ ਕਰਦੇ ਜਾ ਰਹੇ ਹਾਂ, ਜਿਸ ਦਾ ਇਜ਼ਹਾਰ ਉਨ੍ਹਾਂ ਦੀ ਨਿਰਦੇਸ਼ਕ ਦੇ ਤੌਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਜ਼ਦੂਰ' ਵੀ ਕਰਵਾਉਣ ਜਾ ਰਹੀ ਹੈ।