ਫਰੀਦਕੋਟ: ਪੰਜਾਬੀ ਲਘੂ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਵੱਲੋਂ ਬਣਾਈ ਇੱਕ ਹੋਰ ਅਰਥ-ਭਰਪੂਰ ਲਘੂ ਫ਼ਿਲਮ 'ਉੱਜੜੇ ਖੂਹ ਦਾ ਪਾਣੀ' ਰਿਲੀਜ਼ ਲਈ ਤਿਆਰ ਹੈ। ਇਸਦਾ ਫ਼ਸਟ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ। 'ਮਾਸਟਰ ਫ੍ਰੇਮ ਮੂਵੀਜ਼ ਅਤੇ ਫ਼ਿਲਮੀ ਅੱਡਾ' ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਲੇਖਣ ਬੂਟਾ ਸਿੰਘ ਚੌਹਾਨ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜਿੰਮੇਵਾਰੀ ਨੂੰ ਭਗਵੰਤ ਸਿੰਘ ਕੰਗ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਪ੍ਰਭਾਵਪੂਰਨ ਪੰਜਾਬੀ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
ਪੰਜਾਬੀ ਸਾਹਿਤ ਨਾਲ ਜੁੜੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ 'ਤੇ ਅਧਾਰਿਤ ਇਸ ਲਘੂ ਫ਼ਿਲਮ ਵਿੱਚ ਪੰਜਾਬੀ ਸਿਨੇਮਾਂ ਅਤੇ ਕਲਾ ਖੇਤਰ ਨਾਲ ਜੁੜੇ ਕਈ ਨਾਮਵਰ ਚਿਹਰੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋ ਮੇਨ ਸਟਰੀਮ ਇਮੇਜ ਤੋਂ ਬਿਲਕੁਲ ਅਲਹਦਾ ਕਿਰਦਾਰਾਂ ਨੂੰ ਪੂਰੀ ਸ਼ਿਦਤ ਨਾਲ ਅੰਜ਼ਾਮ ਦਿੱਤਾ ਗਿਆ ਹੈ। ਨਿਰਮਾਤਾ ਪਰਮਜੀਤ ਸਿੰਘ ਨਾਗਰਾ ਅਤੇ ਭਗਵੰਤ ਸਿੰਘ ਕੰਗ ਵੱਲੋ ਆਹਲਾ ਸਿਰਜਨਾਂਤਮਕ ਮਾਪਦੰਡਾਂ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਲਘੂ ਫ਼ਿਲਮ ਦੇ ਸਹਿ ਨਿਰਮਾਣਕਾਰ ਗੁਰਪ੍ਰੀਤ ਵੜੈਚ, ਅਮਨ ਚਾਹਲ, ਜੁਗਰਾਜ ਮਰਾਹੜ੍ਹ, ਲਖਵਿੰਦਰ ਜਟਾਣਾ, ਬਾਜਵਾ ਸਿੰਘ, ਡੀ.ਓ.ਪੀ ਜਸਜੋਤ ਗਿੱਲ ਅਤੇ ਪ੍ਰੋਡੋਕਸ਼ਨ ਕਾਰਜਕਰਤਾ ਫ਼ਿਲਮੀ ਅੱਡਾ ਹਨ।