ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਰਿਲੀਜ਼ ਲਈ ਤਿਆਰ ਇੱਕ ਹੋਰ ਪੰਜਾਬੀ ਫਿਲਮ 'ਰਾਂਝਾ', ਜਿਸ ਨੂੰ ਹਿੰਦੀ ਭਾਸ਼ਾ ਵਿੱਚ ਵੀ ਸਾਹਮਣੇ ਲਿਆਂਦਾ ਜਾ ਰਿਹਾ ਹੈ।
'ਸੁਰਿੰਦਰ ਸਿੰਘ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਪਿਆਰ, ਡਰਾਮਾ ਅਤੇ ਐਕਸ਼ਨ ਫਿਲਮ ਦਾ ਨਿਰਮਾਣ, ਲੇਖਨ ਅਤੇ ਨਿਰਦੇਸ਼ਨ ਐਸਐਸ ਫਿਲਮਜ਼ ਟੀਮ ਵੱਲੋਂ ਕੀਤਾ ਗਿਆ ਹੈ। ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਡੀਓਪੀ ਜਸਪ੍ਰੀਤ ਸਿੰਘ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਨਾਲ ਜੁੜੇ ਚਿਹਰਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੁਰਿੰਦਰ ਸਿੰਘ, ਮੈਂਡੀ ਭੁੱਲਰ, ਵਿਲੱਖਣ ਮੁਸਕਾਨ, ਰਣਧੀਰ ਸਿੱਧੂ, ਸੋਨੂੰ ਬਰੋਕਾ ਰਾਜਪੂਤ, ਕੁਲਦੀਪ ਕੌਰ, ਹਰਪ੍ਰੀਤ ਕੌਰ, ਹਰਜੀਤ ਜੱਸਲ, ਰਵਿੰਦਰ, ਸ਼ੁਭਮ ਅਨਮੋਲ ਆਦਿ ਵੱਲੋਂ ਲੀਡਿੰਗ ਅਤੇ ਸਪੋਰਟਿੰਗ ਕਿਰਦਾਰ ਨਿਭਾਏ ਗਏ ਹਨ।
ਮੇਨ ਸਟ੍ਰੀਮ ਸਿਨੇਮਾ ਫਾਰਮੇਟ ਤੋਂ ਬਿਲਕੁੱਲ ਅਲਹਦਾ ਹੱਟ ਕੇ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਸੰਗੀਤ ਉਭਰਦੇ ਮਿਊਜ਼ਿਕ ਡਾਇਰੈਕਟਰ ਨਵਨੀਤ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਮਧੁਰ ਅਤੇ ਸਦਾ ਸਾਂਚੇ ਅਧੀਨ ਸੰਗੀਤਬੱਧ ਕੀਤੇ ਗਏ ਗਾਣਿਆਂ ਨੂੰ ਕਈ ਨਾਮਵਰ ਅਤੇ ਪ੍ਰਤਿਭਾਵਾਨ ਗਾਇਕਾਂ ਵੱਲੋਂ ਅਪਣੀਆਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਗਈਆਂ ਹਨ।
ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਹੋ ਰਹੇ ਪੋਸਟ ਪ੍ਰੋਡੋਕਸ਼ਨ ਅਤੇ ਡਬਿੰਗ ਕਾਰਜਾਂ ਅਧੀਨ ਮੁਕੰਮਲਤਾ ਪੜਾਅ ਵੱਲ ਵੱਧ ਰਹੀ ਇਸ ਪੰਜਾਬੀ ਫਿਲਮ ਦੀ ਸਮੁੱਚੀ ਸਿਰਜਨਾ ਅਤੇ ਡਿਸਟਰੀਬਿਊਸ਼ਨ ਸੰਬੰਧਤ ਕਮਾਂਡ ਸੁਰਿੰਦਰ ਸਿੰਘ ਸੰਭਾਲ ਰਹੇ ਹਨ, ਜੋ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਇਸ ਤੋਂ ਪਹਿਲਾਂ ਕਈ ਲਘੂ ਅਤੇ ਫਿਲਮ ਪ੍ਰੋਜੈਕਟਸ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ।
ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਜਗਤ ਵਿੱਚ ਵੀ ਧਾਂਕ ਜਮਾਉਂਦੇ ਜਾ ਰਹੇ ਅਦਾਕਾਰ-ਨਿਰਮਾਤਾ-ਨਿਰਦੇਸ਼ਕ ਸੁਰਿੰਦਰ ਸਿੰਘ ਅਨੁਸਾਰ ਮਨ ਨੂੰ ਛੂਹ ਲੈਣ ਵਾਲੇ ਵਿਸ਼ੇਸਾਰ ਅਧੀਨ ਬਣਾਈ ਗਈ ਉਕਤ ਫਿਲਮ ਪੰਜਾਬੀ ਸਿਨੇਮਾ ਲਈ ਇੱਕ ਹੋਰ ਨਿਵੇਕਲੇ ਸਿਰਜਨਾਤਮਕ ਤਜ਼ਰਬੇ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਨਵੇਂ ਕਲਾਕਾਰਾਂ ਨੂੰ ਪੂਰੀ ਤਵੱਜੋਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਜਿੰਨ੍ਹਾਂ ਦਾ ਪ੍ਰਭਾਵਸ਼ਾਲੀ ਅਭਿਨੈ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਵੀ ਅਨੂਠਾ ਅਹਿਸਾਸ ਕਰਵਾਏਗਾ।