ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ 'ਰਾਣੀ' ਕਹੀ ਜਾਣ ਵਾਲੀ ਨੀਰੂ ਬਾਜਵਾ ਆਪਣੀ ਤਾਜ਼ਾ ਰਿਲੀਜ਼ ਫਿਲਮ 'ਜੱਟ ਐਂਡ ਜੂਲੀਅਟ 3' ਨਾਲ ਵੱਡੇ ਪਰਦੇ 'ਤੇ ਪਹੁੰਚੀ ਹੈ। ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਇਸ ਰੁਮਾਂਟਿਕ ਕਾਮੇਡੀ ਫਿਲਮ ਵਿੱਚ ਦਿਲਜੀਤ ਦੁਸਾਂਝ, ਨੀਰੂ ਬਾਜਵਾ, ਬੀ ਐਨ ਸ਼ਰਮਾ, ਰਾਣਾ ਰਣਬੀਰ, ਜੈਸਮੀਨ ਬਾਜਵਾ ਅਤੇ ਹੋਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਨਿਰਮਾਤਾਵਾਂ ਦੁਆਰਾ ਸਾਂਝੀ ਕੀਤੀ ਰਿਪੋਰਟ ਦੇ ਅਨੁਸਾਰ 'ਜੱਟ ਐਂਡ ਜੂਲੀਅਟ 3' ਦਾ ਸਾਰਾ ਕਲੈਕਸ਼ਨ ਹੁਣ ਤੱਕ 104 ਕਰੋੜ ਹੋ ਗਿਆ ਹੈ, ਜਿਸ ਨਾਲ ਇਹ ਫਿਲਮ ਹੁਣ ਤੱਕ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਕਮਾਈ ਨੇ ਫਿਲਮ ਦੀ ਸਾਰੀ ਕਾਸਟ ਅਤੇ ਕਰੂ ਨੂੰ ਬਹੁਤ ਖੁਸ਼ ਕੀਤਾ ਹੈ।
ਹੁਣ ਇਸ ਖੁਸ਼ੀ ਨੂੰ ਵਿਅਕਤ ਕਰਨ ਲਈ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਉਤੇ ਪਹੁੰਚ ਕੀਤੀ ਹੈ। ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫਿਲਮ ਦੀ ਸਫਲਤਾ 'ਤੇ ਇੱਕ ਮਿੱਠਾ ਅਤੇ ਪਿਆਰਾ ਜਿਹਾ ਨੋਟ ਲਿਖਿਆ ਹੈ। ਸੁੰਦਰੀ ਨੇ ਜ਼ਾਹਰ ਕੀਤਾ ਕਿ ਉਹ ਕਿੰਨੀ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹੈ ਅਤੇ ਉਸ ਨੇ ਫਿਲਮ ਨੂੰ ਦੇਖਣ ਅਤੇ ਸਮਰਥਨ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਬਾਜਵਾ ਨੇ ਕਿਹਾ ਕਿ ਇਹ ਲੋਕ ਹੀ ਹਨ, ਜਿਨ੍ਹਾਂ ਨੇ ਇਸ ਪੰਜਾਬੀ ਫਿਲਮ ਨੂੰ ਇਤਿਹਾਸ ਸਿਰਜਣ ਲਈ ਸੰਭਵ ਬਣਾਇਆ ਹੈ।