ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਫ਼ਲ ਵਜ਼ੂਦ ਸਥਾਪਿਤ ਕਰ ਚੁੱਕੇ ਗਾਇਕ ਕੇਐਸ ਮੱਖਣ ਅਪਣਾ ਇੱਕ ਹੋਰ ਗਾਣਾ ਅਟੈਕ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਗੋਲਡਨ ਰਿਕਾਰਡਸ ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਦੇ ਬੋਲ ਜੱਸਾ ਨੱਤ ਨੇ ਰਚੇ ਹਨ, ਜਦਕਿ ਇਸ ਦਾ ਸੰਗੀਤ ਸੰਯੋਜਨ ਵਾਜ਼ ਬੁਆਏ ਦੁਆਰਾ ਅੰਜ਼ਾਮ ਦਿੱਤਾ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਸੁਪਰ ਹਿੱਟ ਗਾਣਿਆ ਦਾ ਸੰਗੀਤ ਤਿਆਰ ਕਰ ਚੁੱਕੇ ਹਨ।
ਸੰਗੀਤ ਨਿਰਮਾਤਾ ਗੁਰੀ ਮਾਂਗਟ ਅਤੇ ਕਾਰਜਕਾਰੀ ਨਿਰਮਾਤਾ ਨਵਜੀਤ ਮਾਂਗਟ ਵੱਲੋਂ ਵੱਡੇ ਪੱਧਰ ਉੱਪਰ ਲਾਂਚ ਕੀਤੇ ਜਾ ਰਹੇ ਉਕਤ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਵੱਡੇ ਪੱਧਰ ਉੱਪਰ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਗੋਪੀ ਢਿੱਲੋਂ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਬਿੱਟੂ ਢੇਸੀ ਦੇ ਵਿਸ਼ੇਸ਼ ਸਹਿਯੋਗ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਸੰਗੀਤਕ ਪ੍ਰੋਜੈਕਟ ਨੂੰ ਹਰ ਪੱਖੋਂ ਅਲਹਦਾ ਰੂਪ ਦੇਣ ਦੀ ਕੋਸ਼ਿਸ਼ ਪੂਰੀ ਟੀਮ ਵੱਲੋਂ ਕੀਤੀ ਗਈ ਹੈ, ਜੋ ਗਾਇਕ ਕੇਐਸ ਮੱਖਣ ਦੀ ਵਿਲੱਖਣ ਗਾਇਨ ਸ਼ੈਲੀ ਦਾ ਵੀ ਸੁਣਨ ਵਾਲਿਆਂ ਨੂੰ ਅਹਿਸਾਸ ਕਰਵਾਏਗਾ।