ਚੰਡੀਗੜ੍ਹ:ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਮੁਹਾਲੀ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ, ਜਿਸ ਸਬੰਧਤ ਪੇਸ਼ੀ ਅਤੇ ਸੁਣਵਾਈ 20 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ। ਮਾਣਯੋਗ ਅਦਾਲਤ ਵੱਲੋ ਇਹ ਕਾਰਵਾਈ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਗਿੱਪੀ ਗਰੇਵਾਲ ਨਾਲ ਜੁੜੇ ਇਕ ਅਹਿਮ ਮਾਮਲੇ ਅਧੀਨ ਕੀਤੀ ਗਈ ਹੈ।
ਦਿਲਪ੍ਰੀਤ ਬਾਬਾ ਵਲੋਂ ਰੰਗਦਾਰੀ ਮੰਗੇ ਜਾਣ ਦਾ ਮਾਮਲਾ:ਜਿਕਰਯੋਗ ਹੈ ਕਿ ਸਾਲ 2018 ਵਿੱਚ ਗਿੱਪੀ ਗਰੇਵਾਲ ਵੱਲੋ ਮੁਹਾਲੀ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ ਕਿ ਉਸ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਮੈਸੇਜ ਰਾਹੀਂ ਰੰਗਦਾਰੀ ਸਬੰਧਤ ਧਮਕੀ ਦਿੱਤੀ । ਉਕਤ ਮਾਮਲੇ ਵਿੱਚ ਕਾਰਵਾਈ ਕਰਦਿਆ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਦਿਲਪ੍ਰੀਤ ਬਾਬਾ ਖਿਲਾਫ਼ ਕੇਸ ਦਰਜ ਕੀਤਾ ਗਿਆ, ਪਰ ਉਦੋਂ ਤੋਂ ਇਹ ਅਦਾਲਤ ਵਿੱਚ ਸੁਣਵਾਈ ਅਧੀਨ ਚੱਲ ਰਹੇ ਇਸ ਮਾਮਲੇ ਵਿਚ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਹੋ ਕੇ ਗਵਾਹੀ ਨਹੀਂ ਦੇ ਰਹੇ ਸਨ।
ਇਸੇ ਮੱਦੇਨਜ਼ਰ ਮਾਨਯੋਗ ਅਦਾਲਤ ਵੱਲੋ ਉਨਾਂ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5 ਹਜ਼ਾਰ ਰੁਪਏ ਦਾ ਜ਼ਮਾਨਤੀ ਸੰਮਨ ਵੀ ਭੇਜਿਆ ਗਿਆ ਸੀ, ਪਰ ਇਸ ਦੇ ਬਾਵਜੂਦ ਉਨਾਂ ਦੀ ਇਸ ਸਬੰਧਤ ਕੀਤੀ ਜਾ ਰਹੀ ਨਜ਼ਰਅੰਦਾਜ਼ ਦੇ ਚੱਲਦਿਆ ਹੁਣ ਉਨਾਂ ਖਿਲਾਫ਼ ਸੰਮਨ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ 20 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਗਵਾਹੀ ਲਈ ਨਹੀਂ ਪੇਸ਼ ਹੋ ਰਹੀ ਗਿੱਪੀ :ਉਲੇਖਯੋਗ ਹੈ ਕਿ 31 ਮਈ 2018 ਨੂੰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਕਿਸੇ ਅਣਜਾਣ ਨੰਬਰ ਤੋਂ ਆਪਣੇ ਵਟਸਐਪ 'ਤੇ ਵਾਇਸ ਅਤੇ ਟੈਕਸਟ ਮੈਸੇਜ ਆਇਆ ਸੀ ਜਿਸ ਵਿੱਚ ਉਨਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ ਅਤੇ ਇਸ ਨੰਬਰ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਕਥਿਤ ਰੰਗਦਾਰੀ ਸਬੰਧਤ ਗੱਲ ਕਰਨ ਲਈ ਕਿਹਾ ਗਿਆ ਜਿਸ ਉੱਤੇ ਅਦਾਕਾਰ ਵੱਲੋ ਮੁਹਾਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਸੁਰੱਖਿਆ ਅਤੇ ਕਾਰਵਾਈ ਦੀ ਗੁਹਾਰ ਲਗਾਈ ਗਈ ਸੀ, ਪਰ ਹੁਣ ਉਹ ਖੁਦ ਹੀ ਇਸ ਮਾਮਲੇ ਤੋਂ ਪੈਰ ਪਿਛਾਂਹ ਖਿੱਚ ਰਹੇ ਹਨ।
ਹਾਲ ਫਿਲਹਾਲ ਆਪਣੀ ਨਵੀਂ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਿਲੀਜਿੰਗ ਤਿਆਰੀਆਂ ਵਿੱਚ ਰੁੱਝੇ ਹੋਏ ਅਦਾਕਾਰ- ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਇੰਨੀ ਦਿਨੀ ਕੈਨੇਡਾ ਸਥਿਤ ਅਪਣੇ ਘਰ ਵਿੱਚ ਹੀ ਹਨ, ਜੋ ਆਪਣੀ ਉਕਤ ਪੇਸ਼ੀ ਤੇ ਹਾਜ਼ਰ ਹੋਣਗੇ ਜਾਂ ਨਹੀਂ ਇਸ ਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਹੋ ਪਾਵੇਗਾ।