ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਬਿਹਤਰੀਨ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਕਿੰਮੀ ਵਰਮਾ, ਜੋ ਲੰਮੇਂ ਸਮੇਂ ਬਾਅਦ ਇੱਕ ਹੋਰ ਸ਼ਾਨਦਾਰ ਫਿਲਮੀ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦਾ ਹੀ ਇਜ਼ਹਾਰ-ਏ-ਬਿਆਨ ਕਰਵਾ ਰਹੀ ਹੈ ਉਨ੍ਹਾਂ ਦੀ ਰਿਲੀਜ਼ ਹੋਈ ਨਵੀਂ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ', ਜੋ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਦਰਸ਼ਕਾਂ ਵੱਲੋਂ ਖਾਸੀ ਪਸੰਦ ਕੀਤੀ ਜਾ ਰਹੀ ਹੈ।
'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਧਾਰਮਿਕ ਫਿਲਮ ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਤਰਨ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈੱਸ ਆਈ ਸਟੂਡੈਂਟ' ਜਿਹੀਆਂ ਕਈ ਸਫਲ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਹਿੱਸਿਆਂ ਵਿੱਚ ਜਿਆਦਾਤਰ ਫਿਲਮਾਈ ਗਈ ਇਸ ਖੂਬਸੂਰਤ ਫਿਲਮ ਵਿੱਚ ਦੇਵ ਖਰੌੜ, ਮੋਨਿਕਾ ਗਿੱਲ, ਯੋਗਰਾਜ ਸਿੰਘ, ਇਸ਼ਾ ਰਿਖੀ, ਕਿੰਮੀ ਵਰਮਾ, ਕਮਲਜੀਤ ਨੀਰੂ, ਹਰਜ ਨਾਗਰਾ, ਹਰਬੀ ਸੰਘਾ, ਬਲਵਿੰਦਰ ਅਟਵਾਲ, ਨਗਿੰਦਰ ਗੱਖੜ, ਗੁਰਨਾਜਰ ਕੌਰ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਨਿਭਾਏ ਗਏ ਹਨ।