Ajay Devgn Starrer Singham Again: ਬਾਲੀਵੁੱਡ ਦੇ ਉੱਚ ਕੋਟੀ ਫਿਲਮਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਂਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਕਈ ਸੁਪਰ ਡੁਪਰ-ਹਿੱਟ ਫਿਲਮਾਂ ਸਾਹਮਣੇ ਲਿਆ ਚੁੱਕੇ ਹਨ, ਜਿੰਨ੍ਹਾਂ ਵੱਲੋਂ ਬਣਾਈ ਗਈ ਇੱਕ ਹੋਰ ਬਹੁ-ਚਰਚਿਤ ਫਿਲਮ 'ਸਿੰਘਮ ਅਗੇਨ' ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜੋ ਕੰਟੈਂਟ ਪੱਖੋਂ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਜਿਸ ਨਾਲ ਇਸ ਵਾਰ ਕੁਝ ਨਿਵੇਕਲਾ ਵੇਖਣ ਦੀ ਆਸ ਕਰ ਰਹੇ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ।
'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਰੋਹਿਤ ਸੈੱਟੀ ਪਿਕਚਰਜ਼', 'ਦੇਵਗਨ ਫਿਲਮਜ਼' ਅਤੇ 'ਰਿਲਾਇੰਸ ਇੰਟਰਟੇਨਮੈਂਟ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਹ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮ ਇਸ ਵਰ੍ਹੇ ਦੀਆਂ ਬਹੁ ਕਰੋੜੀ ਫਿਲਮਾਂ ਵਿੱਚ ਸ਼ੁਮਾਰ ਹੈ, ਜਿਸ ਵਿੱਚ ਬਾਲੀਵੁੱਡ ਦੇ ਤਕਰੀਬਨ ਅੱਧਾ ਦਰਸ਼ਨ ਟੌਪ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਅਜੇ ਦੇਵਗਨ, ਜੈਕੀ ਸਰਾਫ, ਰਣਵੀਰ ਸਿੰਘ, ਅਰਜੁਨ ਕਪੂਰ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ ਸ਼ਾਮਿਲ ਹਨ।
ਬਾਲੀਵੁੱਡ ਦੇ ਹਿੱਟ ਮੇਕਰ ਮੰਨੇ ਜਾਂਦੇ ਰੋਹਿਤ ਸ਼ੈੱਟੀ ਵੱਲੋਂ ਅਪਣੇ ਜਾਣੇ-ਪਛਾਣੇ ਅੰਦਾਜ਼ ਅਤੇ ਐਕਸ਼ਨ-ਪੈਕਡ ਦੇ ਰੂਪ ਵਿੱਚ ਬਣਾਈ ਗਈ ਉਕਤ ਫਿਲਮ ਦਾ ਕਾਫ਼ੀ ਹਿੱਸਾ ਕਸ਼ਮੀਰ ਦੇ ਵੱਖ-ਵੱਖ ਖੂਬਸੂਰਤ ਹਿੱਸਿਆਂ ਵਿੱਚ ਸ਼ੂਟ ਕੀਤਾ ਗਿਆ ਹੈ, ਜਿੱਥੇ ਫਿਲਮਾਏ ਗਏ ਸੀਨਜ਼ ਹੀ ਕੁਝ ਅਲਹਦਾ ਦ੍ਰਿਸ਼ਾਂਵਲੀ ਦਾ ਇਜ਼ਹਾਰ ਕਰਵਾਉਂਦੇ ਨਜ਼ਰੀ ਪੈਂਦੇ ਹਨ।