ਚੰਡੀਗੜ੍ਹ: ਪੰਜਾਬੀ ਸੰਗੀਤ ਵਿੱਚ ਨਿਵੇਕਲਾ ਅਤੇ ਮਿਆਰੀ ਕਰਨ ਵਾਲੇ ਮੋਹਰੀ ਕਤਾਰ ਗਾਇਕਾਂ ਵਿਚ ਅਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਗਾਇਕ ਗਿੱਲ ਹਰਦੀਪ, ਜੋ ਅਪਣੀਆਂ ਸਾਰਥਿਕ ਸੰਗੀਤਕ ਕੋਸ਼ਿਸ਼ਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਅਪਣਾ ਨਵਾਂ ਗਾਣਾ 'ਦਰਦ ਏ ਪੰਜਾਬ' ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਜਿਸ ਨੂੰ ਉਨਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।
30 ਸਤੰਬਰ ਨੂੰ ਹੋਵੇਗਾ ਰਿਲੀਜ਼
ਰਾਏ ਬੀਟਸ ਅਤੇ ਜਤਿੰਦਰ ਧੂੜਕੋਟ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਉਕਤ ਭਾਵਪੂਰਨ ਗਾਣੇ ਦੇ ਬੋਲ ਰਣਜੀਤ ਸਿੰਘਾਵਾਲੀਆ ਨੇ ਰਚੇ ਹਨ। ਜਦਕਿ ਇਸ ਦੀ ਪ੍ਰਭਾਵੀ ਸੰਗੀਤਬਧਤਾ ਰੁਪਿਨ ਕਾਹਲੋ ਵੱਲੋ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾ ਵੀ ਬੇਸ਼ੁਮਾਰ ਸੁਪਰ ਹਿੱਟ ਗਾਣਿਆ ਦਾ ਸੰਗੀਤ ਤਿਆਰ ਕਰ ਚੁੱਕੇ ਹਨ। ਸੰਗੀਤਕ ਗਲਿਆਰਿਆਂ ਵਿਚ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਇਸ ਅਰਥ-ਭਰਪੂਰ ਗਾਣੇ ਨੂੰ 30 ਸਤੰਬਰ ਨੂੰ ਰਾਏ ਬੀਟਸ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
1947 ਦੀ ਵੰਡ ਨੂੰ ਦਰਸਾਉਂਦਾ ਗੀਤ
ਇਸ ਸਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਸੰਗੀਤਕ ਟੀਮ ਨੇ ਦੱਸਿਆ ਕਿ ਇਹ ਗਾਣਾ 1947 ਦੇ ਉਜਾੜੇ ਦੌਰਾਨ ਚੜਦੇ ਅਤੇ ਲਹਿੰਦੇ ਪੰਜਾਬ ਦੇ ਘਰੋ ਬੇਘਰ ਹੋਏ ਲੱਖਾਂ ਲੋਕਾਂ ਨੂੰ ਸਮਰਪਿਤ ਹੋਵੇਗਾ। ਜੋ ਮੌਕੇ ਦੀ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਏ ਅਤੇ ਹੱਸਦਾ-ਵੱਸਦਾ ਵਡ-ਅਕਾਰੀ ਮਹਾਂਪੰਜਾਬ ਟੁੱਕੜਿਆਂ 'ਚ ਵੰਡਿਆ ਗਿਆ, ਜਿਸ ਦੀ ਪੀੜ ਅੱਜ ਵੀ ਦੋਹਾਂ ਮੁਲਕਾਂ ਦੇ ਲੋਕ ਹੰਢਾਂ ਰਹੇ ਹਨ।
ਕੇਨੇਡਾ PR ਗਾਇਕ ਦਾ ਪੰਜਾਬ ਨਾਲ ਮੋਹ
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਲੋਕ ਗਾਇਕੀ ਦਾ ਲੋਹਾ ਮਨਵਾ ਰਹੇ ਗਾਇਕ ਗਿੱਲ ਹਰਦੀਪ ਦੀ ਇਸ ਗੱਲੋਂ ਵੀ ਸਲਾਘਾ ਕੀਤੀ ਜਾਣੀ ਬਣਦੀ ਹੈ ਕਿ ਕੈਨੇਡਾ ਜਿਹੀ ਸ਼ਾਨਦਾਰ ਵਿਦੇਸ਼ੀ ਧਰਤੀ ਦਾ ਸਾਲਾਂ ਤੋਂ ਰੈਜ਼ੀਡੈਂਸ਼ੀਅਲ ਹਿੱਸਾ ਬਣ ਜਾਣ ਦੇ ਬਾਵਜੂਦ ਅਪਣੀਆਂ ਅਸਲ ਜੜਾਂ ਪ੍ਰਤੀ ਉਨਾਂ ਦਾ ਮੋਹ ਅਤੇ ਚਿੰਤਾ ਬਰਕਰਾਰ ਹੈ। ਜਿਸ ਸਬੰਧਤ ਅਪਣੀਆਂ ਭਾਵਨਾਵਾਂ ਅਤੇ ਸਨੇਹ ਦਾ ਪ੍ਰਗਟਾਵਾ ਉਹ ਲਗਾਤਾਰ ਅਪਣੇ ਗੀਤਾਂ ਦੁਆਰਾ ਕਰਦੇ ਆ ਰਹੇ ਹਨ। ਪੁਰਾਤਨ ਪੰਜਾਬ ਦੇ ਅਸਲ ਰਹੇ ਰੰਗਾਂ ਨਾਲ ਭਰੇ ਉਕਤ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ। ਜਿਸ ਦਾ ਨਿਰਦੇਸ਼ਨ ਓਵਰਸੀਰ ਫ਼ਿਲਮ ਵੱਲੋ ਕੀਤਾ ਗਿਆ ਹੈ।