ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ 'ਚ ਮਿਆਰੀ ਗਾਇਕੀ ਨੂੰ ਵਧਾਵਾ ਦੇ ਰਹੇ ਮੋਹਰੀ ਕਤਾਰ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੇ ਹਨ ਗਾਇਕ ਅਤੇ ਗੀਤਕਾਰ ਬੀਰ ਸਿੰਘ, ਜੋ ਆਪਣਾ ਲਿਖਿਆ ਅਤੇ ਗਾਇਆ ਨਵਾਂ ਗਾਣਾ 'ਇੱਕੋ ਰੰਗ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ 26 ਜੁਲਾਈ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਸਿੰਬਲਜ਼ ਇੰਟਰਟੇਨਮੈਂਟ' ਅਤੇ 'ਪਬੂ ਫਿਲਮਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਕੰਨਸੈਪਟ ਅਤੇ ਨਿਰਦੇਸ਼ਨ ਕਾਰਜ ਜਨਜੋਤ ਸਿੰਘ ਵੱਲੋਂ ਅੰਜ਼ਾਮ ਦਿੱਤੇ ਗਏ ਹਨ, ਜੋ ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਨਿਰਦੇਸ਼ਕਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੇ ਹਨ ਅਤੇ ਬੇਸ਼ੁਮਾਰ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2', 'ਚੱਲ ਮੇਰਾ ਪੁੱਤ 3' ਆਦਿ ਸ਼ਾਮਿਲ ਰਹੀਆਂ ਹਨ।
ਹਰ ਇਨਸਾਨ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਖੁਸ਼ੀ ਅਤੇ ਗਮੀ ਭਰੇ ਵੱਖ-ਵੱਖ ਰੰਗਾਂ ਦੀ ਤਰਜ਼ਮਾਨੀ ਕਰਦੇ ਅਤੇ ਪਿਆਰ ਅਤੇ ਸਨੇਹ ਭਰੇ ਜਜ਼ਬਤਾਂ ਨਾਲ ਅੋਤ ਪੋਤ ਇਸ ਗਾਣੇ ਦਾ ਸੰਗੀਤ ਰਫਤਾਰ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਸੰਗੀਤਬੱਧ ਕੀਤੇ ਗਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਕੈਮਰਾਮੈਨ ਗੈਰੀ ਸਿੰਘ ਅਤੇ ਮਾਡਲ-ਅਦਾਕਾਰਾ ਅਮਨਜੋਤ ਕੌਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਨਿਰਮਾਤਾ ਉਪਕਾਰ ਸਿੰਘ ਅਤੇ ਹਰਮੀਤ ਸਿੰਘ ਵੱਲੋਂ ਮਿਆਰੀ ਸੰਗੀਤਕ ਮਾਪਦੰਢਾਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਸੰਗੀਤਕ ਵੀਡੀਓ ਦੇ ਐਸੋਸੀਏਟ ਨਿਰਦੇਸ਼ਕ ਜੱਸੀ ਦਾ ਪੋਇਟ, ਲਾਈਨ ਨਿਰਮਾਤਾ ਵਿਰਾਸਤ ਫਿਲਮਜ਼ (ਅੰਮ੍ਰਿਤਪਾਲ ਸੰਧੂ), ਪ੍ਰੋਜੈਕਟ ਸੰਯੋਜਨਕਰਤਾ ਹਰਪ੍ਰੀਤ ਸ਼ਾਹਪੁਰ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਮਨ ਨੂੰ ਛੂਹ ਲੈਣ ਵਾਲੇ ਇਸ ਸਦਾ ਬਹਾਰ ਗਾਣੇ ਨੂੰ ਗਾਇਕ ਅਤੇ ਗੀਤਕਾਰ ਬੀਰ ਸਿੰਘ ਵੱਲੋਂ ਬਹੁਤ ਮਨਮੋਹਕਤਾ ਨਾਲ ਅੰਜ਼ਾਮ ਦਿੱਤਾ ਗਿਆ ਹੈ, ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਨੂੰ ਪਸੰਦ ਆਵੇਗਾ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਹੋਰ ਅਰਥ-ਭਰਪੂਰ ਗਾਣਿਆਂ ਨਾਲ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਗਾਇਕ ਅਤੇ ਗੀਤਕਾਰ ਬੀਰ ਸਿੰਘ, ਪੰਜਾਬੀ ਸੱਭਿਆਚਾਰ ਅਤੇ ਵੰਨਗੀਆਂ ਨੂੰ ਹੁਲਾਰਾ ਦੇਣ ਵਿੱਚ ਵੀ ਅਹਿਮ ਯੋਗਦਾਨ ਪਾ ਰਹੇ ਹਨ, ਜਿੰਨ੍ਹਾਂ ਦੇ ਲਿਖੇ ਅਤੇ ਹੋਰਨਾਂ ਗਾਇਕਾਂ ਵੱਲੋਂ ਗਾਏ ਕਈ ਗੀਤ ਵੀ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।