ਚੰਡੀਗੜ੍ਹ: ਕਲਰਜ਼ ਚੈਨਲ ਦੇ ਵਿਵਾਦਿਤ ਰਿਐਲਟੀ ਸ਼ੋਅ ਬਿੱਗ ਬੌਸ ਸੀਜ਼ਨ 17 ਦਾ ਅਹਿਮ ਅਤੇ ਚਰਚਿਤ ਹਿੱਸਾ ਰਹੀ ਟੀਵੀ ਅਦਾਕਾਰਾ ਈਸ਼ਾ ਮਾਲਵੀਆ ਇੰਨੀਂ ਦਿਨੀਂ ਅਪਣੇ ਮਿਊਜ਼ਿਕ ਵੀਡੀਓ 'ਮੈਂ ਯਾਦ ਆਊਂਗਾ' ਨੂੰ ਲੈ ਕੇ ਸੁਰਖੀਆਂ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦਾ ਇਹ ਖੂਬਸੂਰਤ ਅਤੇ ਨਵਾਂ ਸੰਗੀਤਕ ਉੱਦਮ ਭਲਕੇ 19 ਮਾਰਚ ਨੂੰ ਵੱਖ-ਵੱਖ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
ਰਾਜ ਜੈਸਵਾਲ ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਟਰੈਕ ਦੇ ਗਾਇਕ ਸਟੈਬਿਨ ਬੇਨ, ਗੀਤਕਾਰ ਅਤੇ ਗਾਇਕ ਸੰਜੀਵ ਚਤੁਰਵੇਦੀ ਹਨ, ਜਿੰਨਾਂ ਦੁਆਰਾ ਉਮਦਾ ਸੰਗੀਤਕ ਸਾਂਚੇ ਅਧੀਨ ਢਾਲੇ ਗਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਦਾਕਾਰਾ ਈਸ਼ਾ ਮਾਲਵੀਆ ਅਤੇ ਮਾਡਲ ਸਿਧਾਰਥ ਗੁਪਤਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਮੁੰਬਈ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਨਵਜੀਤ ਬੁੱਟਰ ਦੁਆਰਾ ਕੀਤਾ ਗਿਆ ਹੈ, ਜਿਨਾਂ ਅਨੁਸਾਰ ਉੱਚ ਬੁਲੰਦੀਆਂ ਵੱਲ ਵੱਧ ਰਹੀ ਅਦਾਕਾਰਾ ਈਸ਼ਾ ਦੇ ਕਰੀਅਰ ਨੂੰ ਹੋਰ ਨਵੇਂ ਅਯਾਮ ਦੇਵੇਗਾ ਇਹ ਮਿਊਜ਼ਿਕ ਵੀਡੀਓ, ਜਿਸ ਵਿੱਚ ਫੀਚਰਿੰਗ ਕਰਦੀ ਨਜ਼ਰ ਆਵੇਗੀ ਇਹ ਬਿਹਤਰੀਨ ਅਦਾਕਾਰਾ।
ਹਾਲ ਹੀ ਵਿੱਚ ਕਲਰਜ਼ ਦੇ ਇੱਕ ਹੋਰ ਸੀਰੀਅਲ 'ਉਡਾਰੀਆ' ਨਾਲ ਵੀ ਅਪਣੀ ਪਹਿਚਾਣ ਅਤੇ ਦਰਸ਼ਕ ਦਾਇਰੇ ਨੂੰ ਹੋਰ ਵਿਸ਼ਾਲਤਾ ਦੇਣ ਵਿੱਚ ਕਾਮਯਾਬ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜੋ ਪ੍ਰੋਫੈਸ਼ਨਲ ਦੇ ਨਾਲ-ਨਾਲ ਅਪਣੀ ਨਿੱਜੀ ਜਿੰਦਗੀ ਅਤੇ ਰਿਸ਼ਤਿਆਂ ਨੂੰ ਲੈ ਕੇ ਬਾਲੀਵੁੱਡ ਗਲਿਆਰਿਆਂ ਵਿੱਚ ਖਾਸੀ ਲਾਈਮ ਲਾਈਟ ਬਟੋਰ ਰਹੀ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਉਕਤ ਵਿਵਾਦਿਤ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਈਸ਼ਾ ਮਾਲਵੀਆ ਨੇ ਮੇਕਰਸ 'ਤੇ ਕਈ ਗੰਭੀਰ ਦੋਸ਼ ਵੀ ਲਗਾਏ ਹਨ, ਜਿਸ ਨਾਲ ਟੀਵੀ ਜਗਤ ਤੋਂ ਸਿਨੇਮਾ ਸਨਅਤ ਇੰਡਸਟਰੀ ਵਿੱਚ ਖਾਸੀ ਬੇਬਾਕੀ ਦਾ ਇਜ਼ਹਾਰ ਕਰਵਾ ਰਹੀ ਇਹ ਹੋਣਹਾਰ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਪ੍ਰੋਜੈਕਟਸ ਦਾ ਵੀ ਸ਼ਾਨਦਾਰ ਹਿੱਸਾ ਬਣਨ ਜਾ ਰਹੀ ਹੈ।
ਮੂਲ ਰੂਪ ਵਿੱਚ ਭੋਪਾਲ ਨਾਲ ਵਾਵੁਸਤਾ ਇਹ ਬਾਕਮਾਲ ਅਦਾਕਾਰਾ ਟੈਲੀਵਿਜ਼ਨ ਦੇ ਨਾਲ-ਨਾਲ ਸਿਨੇਮਾ ਖੇਤਰ ਵਿੱਚ ਵੀ ਕੁਝ ਨਿਵੇਕਲਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਸੰਬੰਧੀ ਹੀ ਵਿਚਾਰ ਸਾਂਝੇ ਕਰਦਿਆਂ ਉਸ ਨੇ ਦੱਸਿਆ ਕਿ ਮੇਨ ਸਟਰੀਮ ਸਿਨੇਮਾ ਤੋਂ ਇਲਾਵਾ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਕਰਨਾ ਵੀ ਉਸ ਦੀ ਤਰਜ਼ੀਹ ਵਿੱਚ ਸ਼ਾਮਿਲ ਰਹੇਗਾ।