ਫਰੀਦਕੋਟ:ਪੰਜਾਬੀ ਸਿਨੇਮਾ 'ਚ ਆਪਣੀ ਪਹਿਚਾਣ ਬਣਾ ਚੁੱਕੀ ਅਦਾਕਾਰਾ ਸਰਗੁਣ ਮਹਿਤਾ ਅਤੇ ਰੂਪੀ ਗਿੱਲ ਅਪਕਮਿੰਗ ਪੰਜਾਬੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' 'ਚ ਪਹਿਲੀ ਵਾਰ ਇਕੱਠਿਆ ਸਕਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ। ਉਨ੍ਹਾਂ ਦੀ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਫ਼ਿਲਮ ਦਾ ਲੇਖਣ ਅੰਬਰਦੀਪ ਸਿੰਘ, ਨਿਰਦੇਸ਼ਨ ਵਿਕਾਸ ਵਸ਼ਿਸ਼ਟ ਦੁਆਰਾ ਕੀਤਾ ਗਿਆ ਹੈ, ਜੋ ਇਸ ਫ਼ਿਲਮ ਨਾਲ ਪਾਲੀਵੁੱਡ ਵਿੱਚ ਬਤੌਰ ਫ਼ਿਲਮਕਾਰ ਅਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਪੰਜਾਬੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' 15 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
'ਡ੍ਰੀਮੀਆਤਾ ਅਤੇ ਦੇਸੀ ਮੈਲੋਡੀਜ਼' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਅਤੇ ਮਾਲਵਾ ਦੇ ਵੱਖ-ਵੱਖ ਹਿੱਸਿਆ ਵਿੱਚ ਮੁਕੰਮਲ ਕੀਤੀ ਗਈ ਹੈ। ਇਸ ਫਿਲਮ ਦੀ ਸਟਾਰ-ਕਾਸਟ ਬਾਰੇ ਗੱਲ ਕੀਤੀ ਜਾਵੇ, ਤਾਂ ਗਿੱਪੀ ਗਰੇਵਾਲ ਇਸ ਫ਼ਿਲਮ ਵਿੱਚ ਲੀਡ ਰੋਲ ਅਦਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਸਰਗੁਣ ਮਹਿਤਾ, ਰੂਪੀ ਗਿੱਲ ਪੈਰੇਲਰ ਅਤੇ ਲੀਡਿੰਗ ਕਿਰਦਾਰ ਨਿਭਾਉਂਦੀਆਂ ਨਜ਼ਰ ਆਉਣਗੀਆਂ।
ਰੂਪੀ ਗਿੱਲ ਦਾ ਕਰੀਅਰ:ਰੂਪੀ ਗਿੱਲ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਉਹ ਜਿਆਦਾਤਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਦੀ ਹੈ। ਰੂਪੀ ਗਿੱਲ ਗੁਰਨਾਮ ਭੁੱਲਰ ਦੇ ਗੀਤ "ਡਾਇਮੰਡ" ਵਿੱਚ ਆਪਣੀ ਅਦਾਕਾਰੀ ਨਾਲ ਮਸ਼ਹੂਰ ਹੋਈ ਸੀ। ਰੂਪੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਔਜਲਾ ਦੇ ਮਿਊਜ਼ਿਕ ਵੀਡੀਓ "ਯਾਰੀਆਂ ਚ ਫਿੱਕ" ਅਤੇ ਆਪਣੀ ਫੀਚਰ ਫਿਲਮ ਦੀ ਸ਼ੁਰੂਆਤ 2018 ਵਿੱਚ ਫਿਲਮ 'ਆਸ਼ਕੇ' ਨਾਲ ਕੀਤੀ ਸੀ। ਇਸ ਫਿਲਮ ਦਾ ਨਿਰਮਾਣ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੁਆਰਾ ਕੀਤਾ ਗਿਆ ਸੀ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਕੀਤਾ ਸੀ। ਇਸ ਫਿਲਮ 'ਚ ਉਸਨੇ "ਨੂਰ" ਨਾਂ ਦੀ ਅਧਿਆਪਕਾ ਦੀ ਭੂਮਿਕਾ ਨਿਭਾਈ ਸੀ ਅਤੇ ਉਸਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਵਿੱਚ "ਸਰਬੋਤਮ ਸਹਾਇਕ ਅਭਿਨੇਤਰੀ" ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ 2018 ਵਿੱਚ ਫਿਲਮ 'ਵੱਡਾ ਕਲਾਕਰ', 2019 ਵਿੱਚ 'ਲਾਏ ਜੇ ਯਾਰੀਆਂ' ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕੀਤਾ ਸੀ।
ਸਰਗੁਣ ਮਹਿਤਾ ਦਾ ਕਰੀਅਰ: ਜੇਕਰ ਅਦਾਕਾਰਾ ਸਰਗੁਣ ਮਹਿਤਾ ਦੇ ਹੁਣ ਤੱਕ ਦੇ ਕਰਿਅਰ ਬਾਰੇ ਗੱਲ ਕੀਤੀ ਜਾਵੇ, ਤਾਂ ਟੀ.ਵੀ ਜਗਤ ਤੋਂ ਪਾਲੀਵੁੱਡ ਦਾ ਹਿੱਸਾ ਬਣੀ ਇਸ ਅਦਾਕਾਰਾ ਨੇ ਬਹੁਤ ਘੱਟ ਸਮੇਂ 'ਚ ਹੀ ਅਪਣੀ ਪਹਿਚਾਣ ਬਣਾ ਲਈ ਹੈ, ਜੋ ਅੱਜਕਲ੍ਹ ਬਤੌਰ ਨਿਰਮਾਤਰੀ ਵੀ ਅਪਣਾ ਰੁਤਬਾ ਟੈਲੀਵਿਜ਼ਨ ਅਤੇ ਸਿਨੇਮਾਂ ਖੇਤਰ ਵਿੱਚ ਹੋਰ ਬੁਲੰਦ ਕਰਦੀ ਜਾ ਰਹੀ ਹੈ। ਪੰਜਾਬੀ ਫਿਲਮ 'ਜੱਟ ਨੂੰ ਚੁੜੈਲ ਟਕਰੀ' ਦਾ ਨਿਰਮਾਣ ਵੀ ਇਸ ਬਾਕਮਾਲ ਅਦਾਕਾਰਾ ਵੱਲੋ ਅਪਣੇ ਘਰੇਲੂ ਬੈਨਰ ਅਧੀਨ ਕੀਤਾ ਗਿਆ ਹੈ।