ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਸਾਗਰਿਕਾ ਘਾਟਕੇ ਜਲਦ ਹੀ ਸਿਲਵਰ ਸਕ੍ਰੀਨ ਉਪਰ ਮੁੜ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਲਈ ਤਿਆਰ ਹੈ, ਜੋ ਪੰਜਾਬੀ ਸਿਨੇਮਾ ਦੇ ਮੰਝੇ ਹੋਏ ਨਿਰਦੇਸ਼ਕ ਜੈਵੀ ਢਾਂਡਾ ਦੀ ਸਾਹਮਣੇ ਆਉਣ ਜਾ ਰਹੀ ਹਿੰਦੀ ਫਿਲਮ ਦੁਆਰਾ ਸ਼ਾਨਦਾਰ ਕਮਬੈਕ ਕਰੇਗੀ।
'ਮੇਰਾਕੀ ਐਂਟਰਟੇਨਮੈਂਟ ਵਰਲਡ ਪ੍ਰੈਜ਼ੈਂਟਸ' ਕੀਤੀ ਗਈ ਉਕਤ ਫਿਲਮ ਨੂੰ ਬੇਹੱਦ ਭਾਵਪੂਰਨ ਅਤੇ ਦਿਲ-ਟੁੰਬਵੇਂ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ, ਜਿਸ ਵਿੱਚ ਅਦਾਕਾਰਾ ਸਾਗਰਿਕਾ ਘਾਟਗੇ ਅਲਹਦਾ ਅਤੇ ਅਜਿਹੇ ਸੱਚੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਤਰ੍ਹਾਂ ਦਾ ਰੋਲ ਉਨ੍ਹਾਂ ਵੱਲੋਂ ਅਪਣੀ ਹੁਣ ਤੱਕ ਦੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।
ਰਾਜਸਥਾਨ ਦੇ ਬੈਕਡ੍ਰਾਪ ਅਧਾਰਿਤ ਉਕਤ ਫਿਲਮ ਦੀ ਸ਼ੂਟਿੰਗ ਸੂਰਤਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਕੰਮਲ ਕੀਤੀ ਗਈ ਹੈ, ਜਿੱਥੋਂ ਦੀਆਂ ਮੁਸ਼ਕਿਲ ਭਰੀਆਂ ਕੁਦਰਤੀ ਪ੍ਰਸਥਿਤੀਆਂ ਦੇ ਬਾਵਜੂਦ ਅਦਾਕਾਰਾ ਸਾਗਰਿਕਾ ਵੱਲੋਂ ਜੀਅ ਜਾਨ ਨਾਲ ਅਪਣੀ ਅਦਾਕਾਰੀ ਨੂੰ ਕੁਸ਼ਲਤਾਪੂਰਵਕ ਦਿੱਤਾ ਗਿਆ ਹੈ।