ਬੈਂਗਲੁਰੂ (ਕਰਨਾਟਕ) : ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਟ੍ਰੈਫਿਕ ਪੁਲਿਸ ਨੇ ਡਰੋਨ ਕੈਮਰਿਆਂ ਦੀ ਮਦਦ ਲਈ ਹੈ। ਪੁਲਿਸ ਨੇ ਸ਼ਹਿਰ ਦੇ ਪ੍ਰਮੁੱਖ ਸਥਾਨਾਂ 'ਤੇ ਡਰੋਨਾਂ ਰਾਹੀਂ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਸੁਚਾਰੂ ਆਵਾਜਾਈ ਦੇ ਪ੍ਰਬੰਧ ਕਰਨ ਲਈ ਅੱਗੇ ਆਈ ਹੈ।
ਬੈਂਗਲੁਰੂ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਟੋਇੰਗ ਸਿਸਟਮ ਹਟਾਏ ਜਾਣ ਤੋਂ ਬਾਅਦ ਥਾਂ-ਥਾਂ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਕੁਝ ਪ੍ਰਮੁੱਖ ਜੰਕਸ਼ਨ 'ਤੇ ਸਿਗਨਲ ਪ੍ਰਬੰਧਨ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਇਸ ਕਾਰਨ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਡਰੋਨ ਕੈਮਰੇ ਟ੍ਰੈਫਿਕ ਪੁਲਿਸ ਦੀਆਂ ਸਮੱਸਿਆਵਾਂ ਅਤੇ ਨਾਕਾਮੀਆਂ ਨੂੰ ਦੂਰ ਕਰਨ 'ਚ ਮਦਦ ਕਰਨਗੇ।
ਟ੍ਰੈਫਿਕ ਪੁਲਿਸ ਕੰਟਰੋਲ ਰੂਮ ਤੋਂ ਡਰੋਨ ਕੈਮਰਿਆਂ ਰਾਹੀਂ ਜਿੱਥੇ-ਜਿੱਥੇ ਟ੍ਰੈਫਿਕ ਜਾਮ ਹੁੰਦੀ ਹੈ, ਉਸ 'ਤੇ ਨਜ਼ਰ ਰੱਖਦੀ ਹੈ। ਉਹ ਚੈਕ ਕਰਦੀ ਹੈ ਕਿ ਕੀ ਕੋਈ ਵਾਹਨ ਖ਼ਰਾਬ ਹੈ ਜਾਂ ਨਹੀਂ ਅਤੇ ਕੋਈ ਹਾਦਸਾ ਵਾਪਰਿਆ ਹੈ ਜਾਂ ਨਹੀਂ, ਇਸ ਸਬੰਧੀ ਸੂਚਨਾ ਸਬੰਧਿਤ ਥਾਣੇ ਨੂੰ ਦਿੱਤੀ ਜਾ ਸਕਦੀ ਹੈ।
ਪੁਲਿਸ ਤੁਰੰਤ ਮੌਕੇ ’ਤੇ ਜਾ ਕੇ ਡਰਾਈਵਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਦੀ ਹੈ। ਫਿਲਹਾਲ ਡਰੋਨ ਕੈਮਰੇ ਮਹੱਤਵਪੂਰਨ ਜੰਕਸ਼ਨ 'ਤੇ ਕੰਮ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਟਰੈਫਿਕ ਪੁਲਿਸ ਵੱਲੋਂ ਡਰੋਨ ਕੈਮਰਿਆਂ ਨਾਲ ਅਹਿਮ ਚੌਰਾਹਿਆਂ ’ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, 'ਸ਼ਹਿਰ ਵਿੱਚ 8 ਤੋਂ ਵੱਧ ਸਥਾਨਾਂ 'ਤੇ ਡਰੋਨ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਹੇਬਾਲਾ, ਸੈਂਟਰਲ ਸਿਲਕ ਬੋਰਡ, ਇਬਲੂਰ ਜੰਕਸ਼ਨ, ਮਰਾਠੱਲੀ, ਕੇਆਰ ਪੁਰਮ, ਗੋਰਗੁੰਟੇਪਾਲਿਆ ਅਤੇ ਸਰੱਕੀ ਸ਼ਾਮਿਲ ਹਨ, ਜਿੱਥੇ ਆਵਾਜਾਈ ਦੀ ਭੀੜ ਹੈ। ਇਸ ਨਾਲ ਇਹ ਜਾਣਨ ਵਿਚ ਮਦਦ ਮਿਲਦੀ ਹੈ ਕਿ ਕਿੱਥੇ ਜ਼ਿਆਦਾ ਟ੍ਰੈਫਿਕ ਜਾਮ ਹੈ ਅਤੇ ਇਸ ਦਾ ਕਾਰਨ ਕੀ ਹੈ। ਇਸ ਤੋਂ ਬਾਅਦ ਪੁਲਿਸ ਜਾਮ ਨੂੰ ਦੂਰ ਕਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗੀ।