ਹੈਦਰਾਬਾਦ ਡੈਸਕ: ਵੀਰ ਹਕੀਕਤ ਰਾਏ ਦਾ ਜਨਮ ਸਿਆਲਕੋਟ ਨਿਵਾਸੀ ਬਾਘ ਮੱਲ ਪੁਰੀ ਖੱਤਰੀ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ ਸੰਮਤ 1781 ਵਿੱਚ ਹੋਇਆ। ਹਕੀਕਤ ਰਾਏ ਆਪਣੇ ਮਾਪਿਆਂ ਦੀ ਇਕਲੋਤੀ ਔਲਾਦ ਸੀ। ਵਟਾਲਾ ਨਿਵਾਸੀ ਕਿਸ਼ਨ ਚੰਦ ਉਪਲ ਖੱਤਰੀ ਦੀ ਸਪੁੱਤਰੀ ਦੁਰਗਾ ਦੇਵੀ (ਕਈ ਇਤਿਹਾਸਕਾਰਾਂ ਨੇ ਲੱਛਮੀ ਦੇਵੀ ਵੀ ਲਿਖਿਆ ਹੈ),ਨਾਲ 12 ਸਾਲ ਦੀ ਉਮਰ ਵਿੱਚ ਹੋਇਆ ਤੇ ਭਾਈ ਬੁੱਧ ਸਿੰਘ ਵਟਾਲੀਏ ਦੀ ਸੰਗਤ ਤੋਂ ਸਿੱਖ ਧਰਮ ਦੇ ਨਿਯਮਾਂ ਦਾ ਵਿਸ਼ਵਾਸ਼ੀ ਹੋਇਆ।
ਹਰ ਧਰਮ ਦਾ ਸਤਿਕਾਰ :ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ ਤੇ ਰਾਜ ਭਾਸ਼ਾ ਫਾਰਸੀ ਸੀ। ਪਿਤਾ ਬਾਘ ਮੱਲ ਨੇ ਆਪਣੇ ਪੁੱਤਰ ਹਕੀਕਤ ਰਾਏ ਨੂੰ ਉਸ ਸਮੇਂ ਦੀ ਰਾਜ ਭਾਸ਼ਾ ਪੜ੍ਹਾਉਣ ਲਈ ਸ਼ਹਿਰ ਦੇ ਮੌਲਵੀ ਕੋਲ ਮਦਰੱਸੇ ਵਿੱਚ ਬੈਠਾਇਆ। ਹਕੀਕਤ ਰਾਏ ਬਹੁਤ ਹੁਸ਼ਿਆਰ ਬਾਲਕ ਸੀ। ਮੁਸਲਮਾਨ ਮੁੰਡੇ ਵੀ ਨਾਲ ਪੜ੍ਹਦੇ ਸਨ। ਇੱਕ ਦਿਨ ਕਲਾਸ ਦੇ ਕੁੱਝ ਮੁੰਡਿਆਂ ਨਾਲ ਹਕੀਕਤ ਰਾਏ ਦੀ ਧਰਮ ਚਰਚਾ ਛਿੜ ਪਈ, ਮੁਸਲਮਾਨ ਮੁੰਡਿਆਂ ਨੇ ਦੁਰਗਾ ਦੇਵੀ ਨੂੰ ਨਾ ਸੁਣੇ ਜਾਣ ਵਾਲੇ ਕੁੱਝ ਆਯੋਗ ਸ਼ਬਦ ਕਹੇ। ਇਹ ਸੁਣ ਕੇ ਹਕੀਕਤ ਰਾਏ ਨੇ ਉਹਨਾਂ ਮੁੰਡਿਆਂ ਨੂੰ ਸਮਝਾਇਆ ਕਿ ਜੇ ਮੈਂ ਵੀ ਤੁਹਾਡੇ ਵਾਂਗ ਮੁਹੰਮਦ ਸਾਹਬ ਦੀ ਪੁੱਤਰੀ ਬੀਬੀ ਫਾਤਿਮਾ ਦੀ ਸ਼ਾਨ ਦੇ ਖਿਲਾਫ ਅਜਿਹੇ ਸ਼ਬਦ ਵਰਤਾਂ ਤਾਂ ਤੁਹਾਨੂੰ ਕਿੰਨਾਂ ਬੁਰਾ ਲੱਗੇਗਾ, ਤੁਹਾਨੂੰ ਕਿੰਨਾਂ ਦੁੱਖ ਆਵੇਗਾ। ਇਸ ਲਈ ਸਦਾ ਹਰ ਧਰਮ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ।
ਮੁਸਲਮਾਨ ਮੁੰਡਿਆਂ ਨੇ ਮੌਲਵੀ ਦੇ ਕੰਨ ਭਰੇ:ਹਕੀਕਤ ਰਾਏ ਵੱਲੋਂ ਸਮਝਾਈ ਹੋਈ ਇਹ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਮੁਸਲਮਾਨ ਮੁੰਡਿਆਂ ਨੇ ਮੌਲਵੀ ਦੇ ਕੰਨ ਭਰੇ। ਮੌਲਵੀ ਨੂੰ ਉਸ ਮੁਸਲਮਾਨ ਮੁੰਡਿਆਂ ਨੇ ਖੂਬ ਭੜਕਾਇਆ ਕਿ ਹਕੀਕਤ ਰਾਏ ਨੇ ਬੀਬੀ ਫਾਤਿਮਾ ਦੀ ਸ਼ਾਨ ਦੇ ਖਿਲਾਫ ਬਹੁਤ ਮਾੜੇ ਸ਼ਬਦ ਕਹੇ ਹਨ। ਇਹ ਸੁਣ ਕੇ ਮੌਲਵੀ ਅੱਗ ਬਬੂਲਾ ਹੋ ਉਠਿਆ। ਉਸ ਵਕਤ ਸਿਆਲਕੋਟ ਦਾ ਹਾਕਮ ਅਮੀਰ ਬੇਗ ਸੀ। ਮੌਲਵੀ, ਹਕੀਕਤ ਰਾਏ ਦੇ ਖਿਲਾਫ ਸ਼ਿਕਾਇਤ ਲੈ ਕੇ ਅਮੀਰ ਬੇਗ ਪਾਸ ਜਾ ਪਹੁੰਚਿਆ। ਉਥੋਂ ਦੇ ਮੌਲਵੀ, ਕਾਜੀ ,ਮੁਸਲਿਮ ਆਗੂ ਤੇ ਹੋਰ ਮੁਸਲਿਮ ਲੋਕ ਹਕੀਕਤ ਰਾਏ ਨੂੰ ਕਤਲ ਕਰਨ ਦੀ ਮੰਗ ਕਰਨ ਲੱਗੇ।
ਇਸਲਾਮ ਕਬੂਲ ਕਰਨ ਤੋਂ ਇਨਕਾਰ : ਹਕੀਕਤ ਰਾਏ ਦੇ ਮਾਤਾ ਪਿਤਾ ਦੇ ਮਿੰਨਤਾਂ ਕਰਨ ਤੇ ਇਹ ਸਾਰਾ ਕੇਸ ਅਮੀਰ ਬੇਗ ਨੇ ਲਾਹੌਰ ਦੇ ਸੂਬੇ ਪਾਸ ਭੇਜ ਦਿੱਤਾ। ਹਕੀਕਤ ਰਾਏ ਨੇ ਸਭ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬੇਕਸੂਰ ਹਾਂ, ਪਰ ਕਿਸੇ ਨੇ ਵੀ ਉਸ ਬਾਲਕ ਦੀ ਗੱਲ ਨਾ ਸੁਣੀ। ਅਮੀਰ ਬੇਗ ਨੇ ਹਕੀਕਤ ਰਾਏ ਨੂੰ ਡਰਾ ਕੇ ਧਮਕਾ ਕੇ, ਲਾਲਚ ਦੇ ਕੇ ਤੇ ਹੋਰ ਕਈ ਤਰੀਕਿਆਂ ਨਾਲ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ। ਹਕੀਕਤ ਰਾਏ ਨੇ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਹਨ ਕਿ ਹਕੀਕਤ ਰਾਏ ਦੀ ਮਾਂ ਨੇ ਵੀ ਹਾਕਮਾਂ ਦੇ ਬਥੇਰੇ ਤਰਲੇ ਮਿੰਨਤਾਂ ਕੀਤੀਆਂ, ਪਰ ਹਕੂਮਤ ਦੇ ਨਸ਼ੇ ਵਿੱਚ ਅੰਨੇ ਹੋਏ ਹਾਕਮਾਂ ਨੂੰ ਅਜਿਹੇ ਬੇਕਸੂਰਾਂ ਦੀਆਂ ਅਵਾਜ਼ਾਂ ਕਿੱਥੋਂ ਸੁਣਨ ਲੱਗੀਆਂ ਸਨ। ਅਪੀਲਾਂ ਦਲੀਲਾਂ ਸਭ ਵਿਅਰਥ ਗਈਆਂ।
ਹਕੀਕਤ ਰਾਏ ਨੂੰ ਪੱਥਰ ਮਾਰ ਕੇ ਮਾਰਨ ਦੀ ਮੌਤ ਸੁਣਾਈ :ਸਾਰਾ ਕੇਸ ਲਾਹੌਰ ਦੇ ਗਵਰਨਰ ਜ਼ਕਰੀਆਂ ਖਾਨ ਕੋਲ ਪਹੁੰਚਾਇਆ ਗਿਆ। ਜ਼ਕਰੀਆ ਖਾਨ ਵੀ ਜਾਣਦਾ ਸੀ ਕਿ ਇਹ ਬੱਚਿਆਂ ਦੀਆਂ ਗੱਲਾਂ ਹਨ, ਪਰ ਸਭ ਕੁੱਝ ਜਾਣਦੇ ਹੋਏ ਵੀ ਮੌਲਵੀ, ਕਾਜ਼ੀ ਤੇ ਹੋਰ ਮੁਸਲਿਮ ਆਗੂਆਂ ਦੇ ਜ਼ੋਰ ਪਾਉਣ ਤੇ ਹਕੀਕਤ ਰਾਏ ਨੂੰ ਇੱਕ ਵਾਰ ਫਿਰ ਮੁਸਲਿਮ ਧਰਮ ਕਬੂਲ ਕਰਕੇ ਜਾਨ ਬਚਾਉਣ ਦਾ ਮੌਕਾ ਦਿੱਤਾ ਗਿਆ। ਹਕੀਕਤ ਰਾਏ ਆਪਣੀ ਗੱਲ ਤੇ ਕਾਇਮ ਰਹਿਆ ਤੇ ਧਰਮ ਬਦਲੀ ਨਹੀ ਕੀਤਾ। ਕਈ ਇਤਹਾਸਕਾਰਾਂ ਨੇ ਲਿਖਿਆ ਕਿ ਹਕੀਕਤ ਰਾਏ ਨੂੰ ਪੱਥਰ ਮਾਰ ਕੇ ਮਾਰਨ ਦੀ ਮੌਤ ਸੁਣਾਈ ਗਈ ਤੇ ਕਈ ਕਹਿੰਦੇ ਹਨ ਕਿ ਤਲਵਾਰ ਦੇ ਝਟਕੇ ਨਾਲ ਸਿਰ ਧੜ੍ਹ ਤੋਂ ਅਲੱਗ ਕਰ ਦਿੱਤਾ। ਅੰਤ ਨੂੰ ਉਸ ਸਮੇਂ ਲਾਹੌਰ ਦੇ ਗਵਰਨਰ ਜਕਰੀਆਂ ਖਾਨ ਦੇ ਹੁਕਮ ਤੇ ਮਾਘ ਸੁਦੀ 5 ਸੰਮਤ 1798 ਸੰਨ 1841 ਨੂੰ ਧਰਮੀ ਵੀਰ ਹਕੀਕਤ ਰਾਏ ਨੂੰ ਕਤਲ ਕਰ ਦਿੱਤਾ ਗਿਆ। ਹਕੀਕਤ ਰਾਏ ਨੇ ਜ਼ਬਰ-ਜ਼ੁਲਮ ਅੱਗੇ ਗੋਡੇ ਨਹੀ ਟੇਕੇ। ਵੀਰ ਹਕੀਕਤ ਰਾਏ ਦੀ ਸਮਾਧ ਲਾਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਧਰਮੀ ਵੀਰ ਹਕੀਕਤ ਰਾਏ ਦੀ ਸਮਾਧ ਤੇ ਬਸੰਤ ਪੰਚਮੀ ਦਾ ਮੇਲਾ ਹਰ ਸਾਲ ਲੱਗਦਾ ਸੀ।