ਨਵੀਂ ਦਿੱਲੀ: ਰਾਜਧਾਨੀ 'ਚ ਖਰਾਬ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ 'ਚ ਚਰਚਾ ਹੋਈ। ਇਸ ਵਿੱਚ ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਆਮ ਲੋਕ ਦਹਿਸ਼ਤ ਵਿੱਚ ਹਨ। ਇਸ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਲਾਰੈਂਸ ਬਿਸ਼ਨੋਈ ਗੈਂਗ ਨੇ ਦਹਿਸ਼ਤ ਮਚਾਈ ਹੈ ਅਤੇ ਉਹ ਸਾਬਰਮਤੀ ਜੇਲ੍ਹ ਵਿੱਚ ਕੈਦ ਹੈ ਜੋ ਗੁਜਰਾਤ ਦੇ ਅੰਦਰ ਹੈ। ਇਹ ਸਪੱਸ਼ਟ ਨਹੀਂ ਹੈ ਕਿ ਲਾਰੇਂਸ ਬਿਸ਼ਨੋਈ ਕਿਸ ਦੇ ਨਿਰਦੇਸ਼ਾਂ 'ਤੇ ਦਿੱਲੀ 'ਚ ਦਹਿਸ਼ਤ ਪੈਦਾ ਕਰ ਰਿਹਾ ਹੈ।
ਫਿਲਮਾਂ ਦੀ ਤਰਜ਼ 'ਤੇ ਵਾਰਦਾਤਾਂ
ਅਰਵਿੰਦ ਕੇਜਰੀਵਾਲ ਨੇ ਚਰਚਾ ਦੌਰਾਨ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਪਾਸ਼ ਇਲਾਕੇ ਹੋਣ ਜਾਂ ਕੋਈ ਹੋਰ ਇਲਾਕਾ, ਅੱਜ ਹਰ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹੈ। ਵਪਾਰੀ ਆਪਣੇ ਕਾਰੋਬਾਰ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਗੈਂਗਸਟਰ ਫਿਲਮਾਂ ਦੀ ਤਰਜ਼ 'ਤੇ ਵਾਰਦਾਤਾਂ ਕਰ ਰਹੇ ਹਨ। ਲਾਰੈਂਸ ਬਿਸ਼ਨੋਈ ਨੂੰ ਕਿਸ ਦੀ ਸ਼ਹਿ ਹੈ? ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਆਖ਼ਰ ਕੀ ਕਾਰਨ ਹੈ ਕਿ ਉਸ ਨੂੰ ਪਾਲਿਆ ਜਾ ਰਿਹਾ ਹੈ?
ਅਮਿਤ ਸ਼ਾਹ ਉੱਤੇ ਕੇਜਰੀਵਾਲ ਦਾ ਨਿਸ਼ਾਨਾ
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਾਸੀਆਂ ਨਾਲ ਜੋ ਵਾਅਦਾ ਕੀਤਾ ਸੀ, ਉਹ ਸਰਕਾਰ ਬਣਨ ਤੋਂ ਬਾਅਦ ਪੂਰਾ ਹੋ ਗਿਆ ਹੈ ਪਰ ਜਨਤਾ ਨੇ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਸੀ। ਦਿੱਲੀ ਦੀ ਅੱਧੀ ਜ਼ਿੰਮੇਵਾਰੀ ਦਿੱਲੀ ਸਰਕਾਰ ਤੇ ਅੱਧੀ ਕੇਂਦਰ ਸਰਕਾਰ ਦੀ ਹੈ। ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੋਢਿਆਂ 'ਤੇ ਹੈ, ਪਰ ਉਹ ਇਸ 'ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਦਿੱਲੀ ਦਾ ਸਿਸਟਮ ਵਿਗੜਦਾ ਜਾ ਰਿਹਾ ਹੈ। ਅਮਿਤ ਸ਼ਾਹ ਨੂੰ ਜਾਗਣਾ ਚਾਹੀਦਾ ਹੈ ਅਤੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਨਹੀਂ ਤਾਂ ਦਿੱਲੀ ਦੇ ਲੋਕਾਂ ਨੂੰ ਕੁਝ ਕਦਮ ਚੁੱਕਣੇ ਪੈਣਗੇ।