ਨਾਗਰਕੁਰਨੂਲ (ਤੇਲੰਗਾਨਾ): ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ SLBC ਸੁਰੰਗ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ। ਸੁਰੰਗ ਦੀ ਛੱਤ ਦਾ ਤਿੰਨ ਮੀਟਰ ਹਿੱਸਾ ਧਸ ਗਿਆ ਹੈ। ਜਿਸ ਕਾਰਨ 8 ਮਜ਼ਦੂਰ ਅੰਦਰ ਫਸ ਗਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਫਸੇ ਹੋਏ ਮਜ਼ਦੂਰ ਪੰਜਾਬ, ਜੰਮੂ-ਕਸ਼ਮੀਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ। ਇਸ ਦੇ ਨਾਲ ਹੀ 42 ਮਜ਼ਦੂਰ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ, ਜਿਨ੍ਹਾਂ 'ਚੋਂ ਦੋ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਪੀਐਮ ਮੋਦੀ ਨੇ ਲਈ ਬਚਾਅ ਕਾਰਜ ਦੀ ਜਾਣਕਾਰੀ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਐਸ.ਐਲ.ਬੀ.ਸੀ. ਸੁਰੰਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਬਾਰੇ ਚਰਚਾ ਕੀਤੀ। ਪੀਐਮ ਮੋਦੀ ਨੇ ਬਚਾਅ ਕਾਰਜਾਂ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਐਸਐਲਬੀਸੀ ਸੁਰੰਗ ਪ੍ਰਾਜੈਕਟ ਨੂੰ ਤੇਜ਼ ਕਰਨ ਲਈ ਚਾਰ ਦਿਨ ਪਹਿਲਾਂ ਉਸਾਰੀ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਅਮਰਾਬਾਦ ਡਿਵੀਜ਼ਨ ਦੇ ਡੋਮਲਪੇਂਟਾ ਨੇੜੇ ਵਾਪਰੀ। ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਮਿੱਟੀ ਦੇ ਢੇਰ ਡਿੱਗਣੇ ਸ਼ੁਰੂ ਹੋ ਗਏ, ਜਿਸ ਕਾਰਨ ਪਹਿਲੀ ਸ਼ਿਫ਼ਟ ਵਿੱਚ ਕੰਮ ਕਰਦੇ 50 ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲ ਗਈ। 42 ਮਜ਼ਦੂਰ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਜਦਕਿ ਅੱਠ ਮਜ਼ਦੂਰ ਅੰਦਰ ਫਸ ਗਏ।
ਫੌਜ ਅਤੇ NDRF ਨੂੰ ਬੁਲਾਇਆ ਗਿਆ
ਬਚਾਅ ਕਾਰਜ ਲਈ ਫੌਜ ਅਤੇ ਐਨਡੀਆਰਐਫ ਨੂੰ ਬੁਲਾਇਆ ਗਿਆ ਹੈ। ਮੰਤਰੀ ਉੱਤਮ ਕੁਮਾਰ ਰੈਡੀ ਅਤੇ ਜੁਪੱਲੀ ਕ੍ਰਿਸ਼ਨਾ ਰਾਓ ਨੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ। ਉੱਤਮ ਕੁਮਾਰ ਰੈਡੀ ਨੇ ਕਿਹਾ ਕਿ ਸਰਕਾਰ ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅਸੀਂ 8 ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੁਰੰਗ ਵਿੱਚ ਫਸੇ ਲੋਕ ਉੱਤਰ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਹਨ। ਇਨ੍ਹਾਂ ਵਿੱਚ ਇੱਕ ਪ੍ਰੋਜੈਕਟ ਇੰਜੀਨੀਅਰ, ਫੀਲਡ ਇੰਜੀਨੀਅਰ, ਚਾਰ ਮਜ਼ਦੂਰ ਅਤੇ ਦੋ ਬੋਰਿੰਗ ਮਸ਼ੀਨ ਆਪਰੇਟਰ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਨਾਲ ਵੀ ਸੰਪਰਕ ਕੀਤਾ ਹੈ। ਰਾਤ ਤੱਕ ਫੌਜ ਮੌਕੇ 'ਤੇ ਪਹੁੰਚ ਜਾਵੇਗੀ। NDRF ਦੀਆਂ 3 ਟੀਮਾਂ ਵੀ ਮੌਕੇ 'ਤੇ ਪਹੁੰਚ ਰਹੀਆਂ ਹਨ।