ਨਵੀਂ ਦਿੱਲੀ:ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀਆਂ ਸੇਵਾਵਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭੋਪਾਲ ਤੋਂ ਦਿੱਲੀ ਆਉਂਦੇ ਸਮੇਂ ਉਨ੍ਹਾਂ ਨੂੰ ਅਲਾਟ ਕੀਤੀ ਗਈ ਸੀਟ ਖ਼ਰਾਬ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਯਾਤਰਾ ਦੌਰਾਨ ਬਹੁਤ ਅਸਹਿਜ ਮਹਿਸੂਸ ਕਰ ਰਹੇ ਸਨ। ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਹ ਏਅਰ ਇੰਡੀਆ ਦੀ ਫਲਾਈਟ ਨੰਬਰ ਏ 1436 ਰਾਹੀਂ ਦਿੱਲੀ ਆ ਰਹੇ ਸੀ। ਉਨ੍ਹਾਂ ਨੂੰ ਸੀਟ 8-ਸੀ ਅਲਾਟ ਕੀਤੀ ਗਈ ਪਰ ਜਦੋਂ ਉਹ ਆਪਣੀ ਸੀਟ 'ਤੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ। ਸੀਟ ਹੇਠਾਂ ਵੱਲ ਧਸ ਗਈ ਸੀ ।
ਉਸੇ ਸੀਟ ਤੋਂ ਯਾਤਰਾ ਕਰਨ ਦਾ ਫੈਸਲਾ ਕੀਤਾ
ਉਨ੍ਹਾਂ ਕਿਹਾ ਕਿ ਇਸ ਬਾਰੇ ਏਅਰਕ੍ਰੂ ਨਾਲ ਵੀ ਗੱਲ ਕੀਤੀ ਹੈ। ਇਸ 'ਤੇ ਜਹਾਜ਼ 'ਚ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਇਸ ਸੀਟ ਬਾਰੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਸ ਨੂੰ ਬੁੱਕ ਨਾ ਕੀਤਾ ਜਾਵੇ। ਫਿਰ ਵੀ ਬੁਕਿੰਗ ਹੋਈ ਸੀ। ਸ਼ਿਵਰਾਜ ਸਿੰਘ ਨੇ ਕਿਹਾ ਕਿ ਮੇਰੇ ਨਾਲ ਦੇ ਹੋਰ ਯਾਤਰੀਆਂ ਨੇ ਮੈਨੂੰ ਆਪਣੀਆਂ ਸੀਟਾਂ ਦੀ ਪੇਸ਼ਕਸ਼ ਕੀਤੀ, ਪਰ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਠੁਕਰਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਹੋਰ ਯਾਤਰੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਇਸ ਲਈ ਮੈਂ ਉਸੇ ਸੀਟ ਤੋਂ ਯਾਤਰਾ ਕਰਨ ਦਾ ਫੈਸਲਾ ਕੀਤਾ।