ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਬੁੱਧਵਾਰ ਨੂੰ ਦੂਜੀ ਵਾਰ ਦਿੱਲੀ ਮੁੱਖ ਮੰਤਰੀ ਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਤਾਕਾਤ ਕਰਨਗੇ। ਸੀਐਮ ਮਾਨ ਦੁਪਹਿਰ 12:30 ਵਜੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ, ਅਰਵਿੰਦ ਕੇਜਰੀਵਾਲ ਨਾਲ ਬੀਤੇ ਦਿਨ ਯਾਨੀ ਸੋਮਵਾਰ ਨੂੰ ਆਤਿਸ਼ੀ ਅਤੇ ਸੁਨੀਤਾ ਕੇਜਰੀਵਾਲ ਦੀ ਮੁਲਾਕਾਤ ਹੋਈ ਸੀ। ਮੁਲਾਕਾਤ ਤੋਂ ਬਾਅਦ ਆਤਿਸ਼ੀ ਨੇ ਕਿਹਾ ਸੀ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
15 ਅਪ੍ਰੈਲ ਨੂੰ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ, ਤਾਂ ਉਸ ਸਮੇਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਸੀ, ਪਰ ਹੁਣ ਦੂਜੀ ਮੁਲਾਕਾਤ ਵੇਲ੍ਹੇ ਅਜੇ ਇਹ ਤੈਅ ਨਹੀਂ ਹੋਇਆ ਕਿ ਭਗਵੰਤ ਮਾਨ ਇਕੱਲੇ ਮਿਲਣਗੇ ਜਾਂ ਉਨ੍ਹਾਂ ਦੇ ਨਾਲ ਕੋਈ ਹੋਰ ਵੀ ਹੋਵੇਗਾ।
ਪਹਿਲੀ ਮੁਲਾਕਾਤ ਤੋਂ ਬਾਅਦ ਇਲਜ਼ਾਮ:ਤਿਹਾੜ ਜੇਲ੍ਹ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੇਗੀ, ਹਾਲਾਂਕਿ 15 ਅਪ੍ਰੈਲ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ 'ਚ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਤਾਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਕਈ ਇਲਜ਼ਾਮ ਲਾਏ ਸਨ ਅਤੇ ਇਹ ਕਿਹਾ ਉਨ੍ਹਾਂ ਦੇ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਕਾਰ ਸ਼ੀਸ਼ੇ ਦੀ ਕੰਧ ਸੀ, ਇਹ ਇੰਨੀ ਗੰਦੀ ਸੀ ਕਿ ਅਰਵਿੰਦ ਕੇਜਰੀਵਾਲ ਦਾ ਚਿਹਰਾ ਵੀ ਸਾਫ਼ ਨਹੀਂ ਦੇਖਿਆ ਜਾ ਸਕਦਾ ਸੀ। ਗੱਲਬਾਤ ਟੈਲੀਫੋਨ ਜ਼ਰੀਏ ਹੋਈ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹਾ ਵਤੀਰਾ ਚੰਗਾ ਨਹੀਂ ਹੈ।
ਚੋਣ ਚਰਚਾ ਹੋ ਸਕਦੀ:15 ਦਿਨਾਂ 'ਚ ਇਨ੍ਹਾਂ ਦੋਵਾਂ ਮੁੱਖ ਮੰਤਰੀਆਂ ਦੀ ਇਸ ਦੂਜੀ ਮੁਲਾਕਾਤ ਦਾ ਸਿਆਸੀ ਮਹੱਤਵ ਵੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ ਮਿਲ ਕੇ ਚੋਣ ਰਣਨੀਤੀ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਚੋਣ ਪ੍ਰਚਾਰ ਦੀ ਰਣਨੀਤੀ 'ਤੇ ਚਰਚਾ ਕਰਨਗੇ ਅਤੇ ਚੋਣ ਚਰਚਾ ਦਾ ਵੀ ਫੈਸਲਾ ਕੀਤਾ ਜਾਵੇਗਾ।