ਜੰਮੂ-ਕਸ਼ਮੀਰ/ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ (ਐੱਨ.ਸੀ.) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਵਿਧਾਨ ਸਭਾ ਚੋਣਾਂ 'ਚ ਗੰਦਰਬਲ ਸੀਟ ਤੋਂ ਚੋਣ ਲੜਨਗੇ। ਉਮਰ ਅਬਦੁੱਲਾ ਦੇ ਨਾਂ ਦਾ ਐਲਾਨ ਐਤਵਾਰ ਨੂੰ ਐਨਸੀ ਸੰਸਦ ਮੈਂਬਰ ਸਈਅਦ ਰੁਹੁੱਲਾ ਮੇਹਦੀ, ਪਾਰਟੀ ਨੇਤਾ ਨਾਸਿਰ ਅਸਲਮ ਵਾਨੀ ਅਤੇ ਅਨੰਤਨਾਗ-ਰਾਜੌਰੀ ਦੇ ਸੰਸਦ ਮੈਂਬਰ ਮੀਆਂ ਅਲਤਾਫ ਮਹਾਮਤ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲੜਨ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਦੋਂ ਤੱਕ ਚੋਣਾਂ ਨਹੀਂ ਲੜਨਗੇ ਜਦੋਂ ਤੱਕ ਜੰਮੂ-ਕਸ਼ਮੀਰ ਕੇਂਦਰ ਸ਼ਾਸਨ ਅਧੀਨ ਰਹੇਗਾ।
ਦੱਸਿਆ ਜਾਂਦਾ ਹੈ ਕਿ ਉਮਰ ਅਬਦੁੱਲਾ ਹਾਲ ਹੀ 'ਚ ਗੰਦਰਬਲ ਜ਼ਿਲ੍ਹੇ ਦੇ ਨੁਨੇਰ ਪਿੰਡ ਪਹੁੰਚੇ ਸਨ। ਇਸ ਦੌਰਾਨ ਸਈਦ ਮੁਸਤਫਾ ਉਨ੍ਹਾਂ ਦੀ ਮੌਜੂਦਗੀ ਵਿੱਚ ਨੈਸ਼ਨਲ ਕਾਨਫਰੰਸ ਵਿੱਚ ਸ਼ਾਮਿਲ ਹੋਏ। ਮੁਸਤਫਾ ਨੇ ਸ਼੍ਰੀਨਗਰ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ, ਪਰ ਉਹ ਸਈਅਦ ਰੁਹੁੱਲਾ ਮੇਹਦੀ ਤੋਂ ਹਾਰ ਗਏ ਸਨ।
ਜ਼ਿਕਰਯੋਗ ਹੈ ਕਿ ਉਮਰ ਅਬਦੁੱਲਾ 2009 ਤੋਂ 2015 ਤੱਕ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਉਹ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਮਰ ਅਬਦੁੱਲਾ 2008 ਤੋਂ 2014 ਤੱਕ ਗੰਦਰਬਲ ਸੀਟ ਅਤੇ 2014 ਤੋਂ 2019 ਤੱਕ ਬੇਰਵਾਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। ਇੰਨਾਂ ਹੀ ਨਹੀਂ ਉਹ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀਡੀਪੀ ਦੇ ਕਾਜ਼ੀ ਮੁਹੰਮਦ ਅਫਜ਼ਲ ਤੋਂ ਹਾਰ ਗਏ ਸਨ।
ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਇਸ ਵਿੱਚ ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਦੂਜੇ ਪੜਾਅ ਲਈ 25 ਸਤੰਬਰ ਨੂੰ ਅਤੇ ਤੀਜੇ ਪੜਾਅ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।