ਨਵੀਂ ਦਿੱਲੀ:ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਦਿੱਲੀ ਵਿੱਚ ਸਿਆਸੀ ਹਲਚਲ ਵਧ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 'ਤੇ ਬੁੱਧਵਾਰ ਨੂੰ NDA ਨੇਤਾਵਾਂ ਦੀ ਬੈਠਕ ਹੋਈ। ਜਿਸ ਵਿੱਚ ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ, ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ, ਜੀਤਨ ਰਾਮ ਮਾਂਝੀ ਅਤੇ ਲਗਭਗ ਸਾਰੀਆਂ ਐਨਡੀਏ ਪਾਰਟੀਆਂ ਦੇ ਆਗੂ ਮੌਜੂਦ ਸਨ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਵੱਡੇ ਆਗੂ ਵੀ ਸ਼ਾਮਲ ਹੋਏ।
ਮੀਡੀਆ ਰਿਪੋਰਟਾਂ ਮੁਤਾਬਿਕ ਮੀਟਿੰਗ ਤੋਂ ਬਾਅਦ ਐਨਡੀਏ ਆਗੂ ਅੱਜ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ। NDA ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਮੰਤਰੀ ਮੰਡਲ ਦਾ ਅਸਤੀਫਾ ਸੌਂਪਿਆ। ਰਾਸ਼ਟਰਪਤੀ ਨੇ ਪੀਐਮ ਮੋਦੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।