ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੋਮਵਾਰ ਨੂੰ ਇਲਜ਼ਾਮ ਲਗਾਇਆ ਕਿ ਪਿਛਲੇ ਮਹੀਨੇ ਮਹਾਕੁੰਭ 'ਚ ਭਗਦੜ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਨਦੀ 'ਚ ਸੁੱਟ ਦਿੱਤਾ ਗਿਆ ਸੀ। ਇਸ ਕਾਰਨ ਮਹਾਕੁੰਭ ਦਾ ਪਾਣੀ ਦੂਸ਼ਿਤ ਹੋ ਗਿਆ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ 'ਤੇ ਆਮ ਲੋਕਾਂ ਲਈ ਕੋਈ ਖ਼ਾਸ ਪ੍ਰਬੰਧ ਨਾ ਕਰਨ ਦਾ ਵੀ ਇਲਜ਼ਾਮ ਲਾਇਆ।
ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਯਾ ਬੱਚਨ ਨੇ ਪੁੱਛਿਆ, 'ਕੁੰਭ ਦੀ ਭਗਦੜ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਦੀ ਵਿੱਚ ਸੁੱਟੀਆਂ ਗਈਆਂ ਹਨ, ਜਿਸ ਕਾਰਨ ਪਾਣੀ ਦੂਸ਼ਿਤ ਹੋ ਗਿਆ ਹੈ। ਕੁੰਭ ਵਿੱਚ ਆਉਣ ਵਾਲੇ ਆਮ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਪ੍ਰਬੰਧ ਹੈ,'।..ਜਯਾ ਬੱਚਨ,ਸੰਸਦ ਮੈਂਬਰ
'ਅੱਖਾਂ ਘੁਮਾਉਣ ਦੀ ਕੋਸ਼ਿਸ਼'
ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਅਤੇ 29 ਜਨਵਰੀ ਨੂੰ ਭਗਦੜ ਵਿੱਚ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ ਪਰ ਇਸ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ, "ਇਹੀ ਪਾਣੀ ਉੱਥੋਂ ਦੇ ਲੋਕਾਂ ਤੱਕ ਪਹੁੰਚ ਰਿਹਾ ਹੈ। ਉਹ (ਭਾਜਪਾ ਦੀ ਅਗਵਾਈ ਵਾਲੀ ਸਰਕਾਰ) ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦੇ ਰਹੀ ਹੈ ਅਤੇ ਪੂਰੀ ਤਰ੍ਹਾਂ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।,"..ਜਯਾ ਬੱਚਨ,ਸੰਸਦ ਮੈਂਬਰ
'ਵੀਆਈਪੀਆਂ ਨੂੰ ਵਿਸ਼ੇਸ਼ ਸਹੂਲਤਾਂ'
ਉਨ੍ਹਾਂ ਕਿਹਾ, "ਉਹ ਪਾਣੀ ਅਤੇ ਬਿਜਲੀ 'ਤੇ ਭਾਸ਼ਣ ਦੇ ਰਹੇ ਹਨ। ਉਹ ਝੂਠ ਬੋਲ ਰਹੇ ਹਨ ਕਿ ਉਸ ਜਗ੍ਹਾ 'ਤੇ ਕਰੋੜਾਂ ਲੋਕ ਆਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਮਹਾਂਕੁੰਭ ਵਿੱਚ ਆਉਣ ਵਾਲੇ ਆਮ ਜਾਂ ਗਰੀਬ ਲੋਕਾਂ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਜਦਕਿ ਵੀਆਈਪੀ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਜਦੋਂ ਲੋਕ ਸਭਾ ਵਿੱਚ ਹੰਗਾਮਾ ਹੋਇਆ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਉੱਤਰ ਪ੍ਰਦੇਸ਼ ਸਰਕਾਰ 'ਤੇ ਕੁੰਭ ਦੌਰਾਨ ਹੋਈਆਂ ਮੌਤਾਂ ਦੀ ਅਸਲ ਗਿਣਤੀ ਨੂੰ ਲੁਕਾਉਣ ਦਾ ਇਲਜ਼ਾਮ ਲਾਇਆ ਅਤੇ ਸੰਸਦ ਵਿੱਚ ਇਸ 'ਤੇ ਚਰਚਾ ਦੀ ਮੰਗ ਕੀਤੀ। ਦੱਸ ਦੇਈਏ ਕਿ ਮਹਾਕੁੰਭ ਭਗਦੜ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ 'ਚ ਹੰਗਾਮਾ ਹੋਇਆ ਅਤੇ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਚਰਚਾ ਅਤੇ ਮ੍ਰਿਤਕਾਂ ਦੀ ਸੂਚੀ ਸਬੰਧੀ ਮੰਗ ਕੀਤੀ।