ਰਾਜੌਰੀ :ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਦੋ ਵੱਖ-ਵੱਖ ਮੁਕਾਬਲੇ ਵਿੱਚ ਘੱਟੋ-ਘੱਟ ਤਿੰਨ ਅੱਤਵਾਦੀ ਮਾਰੇ ਗਏ। ਤੰਗਧਾਰ ਅਤੇ ਕਮਕਾਡੀ 'ਚ ਬੁੱਧਵਾਰ ਰਾਤ ਨੂੰ ਮੁਕਾਬਲੇ ਹੋਏ। ਇਨ੍ਹਾਂ ਥਾਵਾਂ 'ਤੇ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਵੀਰਵਾਰ ਸਵੇਰੇ ਰਾਜੌਰੀ ਜ਼ਿਲੇ ਦੇ ਲਾਠੀ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਦੋ ਤੋਂ ਤਿੰਨ ਅੱਤਵਾਦੀ ਫਸੇ ਹੋਏ ਹਨ। ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ।
ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਅਤੇ ਫੌਜ ਦੀ ਸਾਂਝੀ ਟੀਮ ਨੇ ਲਾਠੀ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਜਦੋਂ ਫੌਜ ਦੀ ਸਾਂਝੀ ਟੀਮ ਸ਼ੱਕੀ ਸਥਾਨ ਵੱਲ ਵਧੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਤਰ੍ਹਾਂ ਦੋਵਾਂ ਧਿਰਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਿਕ ਦੋ ਤੋਂ ਤਿੰਨ ਅੱਤਵਾਦੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ।