ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦਾ ਪੰਡਾਲ ਬਣਾਉਣ ਦਾ ਮਾਮਲਾ (ETV BHARAT (ਪੱਤਰਕਾਰ, ਮਹਾਰਾਸ਼ਟਰ)) ਮਹਾਰਾਸ਼ਟਰ: ਇਸ ਸਾਲ ਗਣੇਸ਼ ਉਤਸਵ ਮੌਕੇ ਪੁਣੇ ਦੇ ਕੈਂਪ ਏਰੀਆ 'ਚ ਛਤਰਪਤੀ ਰਾਜਾਰਾਮ ਮੰਡਲ ਵੱਲੋਂ ਸਦਾਸ਼ਿਵ ਪੇਠੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਪੰਡਾਲ ਬਣਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਦੇ ਚੱਲਦੇ ਸ੍ਰੀ ਹਰਿਮੰਦਰ ਸਾਹਿਬ ਦੇ ਨਕਲ ਕੀਤੇ ਪੰਡਾਲ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧ ਵੀ ਸ਼ੁਰੂ ਹੋਇਆ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਨਕਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ 'ਚ ਸਖ਼ਤ ਨੋਟਿਸ ਲੈਂਦਿਆਂ ਸਿੱਖ ਭਾਵਨਾਵਾਂ ਭੜਕਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ।
ਪੁਣੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦਾ ਪੰਡਾਲ: ਕਾਬਿਲੇਗੌਰ ਹੈ ਕਿ ਹਰ ਸਾਲ ਗਣੇਸ਼ ਉਤਸਵ ਦੇ ਮੌਕੇ 'ਤੇ ਜਨਤਕ ਗਣੇਸ਼ ਉਤਸਵ ਮੰਡਲੀ ਦੁਆਰਾ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ। ਇਸ ਪਿਛੋਕੜ ਵਿੱਚ ਇਸ ਸਾਲ ਪੁਣੇ ਦੇ ਸਦਾਸ਼ਿਵ ਪੇਠੇ ਵਿੱਚ ਛਤਰਪਤੀ ਰਾਜਾਰਾਮ ਮੰਡਲ ਵੱਲੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਨਕਲ ਬਣਾਈ ਜਾ ਰਹੀ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਦਾ ਵਿਰੋਧ ਕੀਤਾ ਹੈ। ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਕਾਰਵਾਈ ਹੈ।
ਮੰਡਲ ਨੇ ਦਿੱਤੀ ਸਫ਼ਾਈ:ਜਦੋਂ ਇਸ ਬਾਰੇ ਛਤਰਪਤੀ ਰਾਜਾਰਾਮ ਮੰਡਲ ਦੇ ਪ੍ਰਧਾਨ ਯੁਵਰਾਜ ਨਿੰਬਲਕਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, "ਉਨ੍ਹਾਂ ਨੇ ਛਤਰਪਤੀ ਰਾਜਾਰਾਮ ਮੰਡਲ ਨੂੰ ਆਪਣਾ ਕੋਈ ਵਿਰੋਧ ਨਹੀਂ ਦਿੱਤਾ ਹੈ। ਉਨ੍ਹਾਂ ਨੇ ਸ਼ਿਵਿਰ ਵਿੱਚ ਗੁਰਦੁਆਰਾ ਸਾਹਿਬ ਤੋਂ ਇਸ ਬਾਰੇ 'ਚ ਪੁੱਛਿਆ ਹੈ, ਪਰ ਜੇਕਰ ਅਜਿਹੀਆਂ ਗੱਲਾਂ ਹੋ ਵੀ ਰਹੀਆਂ ਹਨ ਤਾਂ ਉਹ ਸਾਨੂੰ ਨਹੀਂ ਦੱਸ ਰਹੇ ਹਨ। ਹਾਲਾਂਕਿ ਇਸ ਪੰਡਾਲ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਮੈਂ ਦੋ ਮਹੀਨੇ ਪਹਿਲਾਂ ਖੁਦ ਗੁਰਦੁਆਰਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ।" ਨਿੰਬਾਲਕਰ ਨੇ ਇਹ ਵੀ ਕਿਹਾ ਕਿ ਅਸੀਂ ਇਸ ਸਬੰਧੀ 40 ਗੁਰਦੁਆਰਿਆਂ ਨੂੰ ਮਿਲ ਚੁੱਕੇ ਹਾਂ ਅਤੇ ਉਨ੍ਹਾਂ ਦਾ ਸਹਿਯੋਗ ਵੀ ਲਿਆ ਹੈ।
ਨਕਲ ਦਾ ਮੁਆਇਨਾ ਕੀਤਾ ਜਾਵੇਗਾ: ਨਿੰਬਲਕਰ ਨੇ ਅੱਗੇ ਕਿਹਾ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਸ਼ੁੱਕਰਵਾਰ ਭਾਵ ਅੱਜ 6 ਸਤੰਬਰ ਨੂੰ ਤਿਆਰ ਕੀਤੀ ਗਈ ਹਰਿਮੰਦਰ ਸਾਹਿਬ ਦੀ ਨਕਲ ਦਾ ਨਿਰੀਖਣ ਕਰੇਗਾ। ਉਸ ਤੋਂ ਬਾਅਦ ਅਸੀਂ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ।" ਇਸ ਦੌਰਾਨ, ਇਸ ਤੋਂ ਪਹਿਲਾਂ ਛਤਰਪਤੀ ਸੰਭਾਜੀਨਗਰ, ਉਲਹਾਸਨਗਰ ਅਤੇ ਕੋਲਕਾਤਾ ਵਿੱਚ ਵੀ ਹਰਿਮੰਦਰ ਸਾਹਿਬ ਦੀ ਨਕਲ ਦੇ ਪੰਡਾਲ ਬਣਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਧਾਰਮਿਕ ਭਾਵਨਾਵਾਂ ਨੂੰ ਠੇਸ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਖੁਦ ਮਾਮਲੇ ਦਾ ਨੋਟਿਸ ਲੈ ਚੁੱਕੀ ਹੈ। ਜਿਸ 'ਚ ਉਨ੍ਹਾਂ ਸਖ਼ਤ ਕਾਰਵਾਈ ਦੀ ਗੱਲ ਵੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗਰੇਵਾਲ ਦਾ ਕਹਿਣਾ ਕਿ ਗਣੇਸ਼ ਉਤਸਵ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਨਕਲ ਦਾ ਪੰਡਾਲ ਬਣਾਇਆ ਜਾ ਰਿਹਾ ਸੀ ਜੋ ਕਿ ਬੇਹੱਦ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵਲੋਂ ਜਾਣਬੁਝ ਕਿ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਅਸਥਾਨਾਂ ਦੀ ਨਕਲ ਕੀਤੀ ਜਾਂਦੀ ਹੈ, ਜੋ ਕਿ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ ਅਤੇ ਇਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਨੋਟਿਸ ਲਿਆ ਜਾਵੇਗਾ ਅਤੇ ਨਾਲ ਹੀ ਅਜਿਹਾ ਕਰਨ ਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਵੀ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ, ਮਾਨਤਾਵਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ।