ਨਵੀਂ ਦਿੱਲੀ: ਭਾਰਤ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (ਐਚਐਮਪੀਵੀ) ਦੇ ਪੰਜ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਵਿਡ -19 ਵਰਗੇ ਪ੍ਰਕੋਪ ਦੀ ਸੰਭਾਵਨਾ ਵਧ ਗਈ ਹੈ। ਦਰਅਸਲ, ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਪੰਜ ਸਾਲ ਬਾਅਦ ਚੀਨ ਇੱਕ ਵਾਰ ਫਿਰ ਵਾਇਰਸ ਨਾਲ ਜੂਝ ਰਿਹਾ ਹੈ। ਹਿਊਮਨ ਮੈਟਾਪਨੀਓਮੋਵਾਇਰਸ (HMPV) ਇੱਕ ਆਮ ਸਾਹ ਸੰਬੰਧੀ ਵਾਇਰਸ ਹੈ ਜੋ ਆਮ ਤੌਰ 'ਤੇ ਹਲਕੇ ਜ਼ੁਕਾਮ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਅਧਿਐਨ ਦਰਸਾਉਂਦੇ ਹਨ ਕਿ ਇਹ 1970 ਦੇ ਦਹਾਕੇ ਤੋਂ ਮਨੁੱਖਾਂ ਵਿੱਚ ਘੁੰਮ ਰਿਹਾ ਹੈ, ਹਾਲਾਂਕਿ ਵਿਗਿਆਨੀਆਂ ਨੇ ਪਹਿਲੀ ਵਾਰ 2001 ਵਿੱਚ ਇਸਦੀ ਪਛਾਣ ਕੀਤੀ ਸੀ।
ਬੱਚਿਆਂ ਵਿੱਚ ਵਧੇਰੇ ਫੈਸਦਾ ਹੈ HMPV ਵਾਇਰਸ
ਇਹ ਵਾਇਰਸ ਦੁਨੀਆ ਭਰ ਵਿੱਚ 4 ਤੋਂ 16 ਫੀਸਦ ਲੋਕਾਂ ਵਿੱਚ ਗੰਭੀਰ ਸਾਹ ਦੀ ਲਾਗ ਦਾ ਕਾਰਨ ਬਣਦਾ ਹੈ। ਇਸ ਦੇ ਕੇਸ ਆਮ ਤੌਰ 'ਤੇ ਨਵੰਬਰ ਅਤੇ ਮਈ ਦੇ ਵਿਚਕਾਰ ਸਿਖਰ 'ਤੇ ਹੁੰਦੇ ਹਨ। ਹਾਲਾਂਕਿ, ਜ਼ਿਆਦਾਤਰ ਬਾਲਗ ਪਹਿਲਾਂ ਹੀ ਇਸ ਦੇ ਸੰਪਰਕ ਵਿੱਚ ਆਉਣ ਕਾਰਨ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰ ਚੁੱਕੇ ਹਨ। HMPV ਆਮ ਤੌਰ 'ਤੇ ਉਨ੍ਹਾਂ ਬੱਚਿਆਂ ਵਿੱਚ ਵਧੇਰੇ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ ਜੋ ਪਹਿਲੀ ਵਾਰ ਇਸ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿੱਚ ਵੀ ਇਹ ਵਾਇਰਲ ਜਲਦੀ ਫੈਲਦਾ ਹੈ।
ਭਾਰਤ ਵਿੱਚ ਹੁਣ ਤੱਕ ਹੋਏ ਕੁੱਲ 5 ਮਾਮਲੇ
ਸੋਮਵਾਰ ਨੂੰ ਭਾਰਤ ਵਿੱਚHMPV ਵਾਇਰਸ ਦੇ ਪੰਜ ਮਾਮਲੇ ਸਾਹਮਣੇ ਆਏ। ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਵਿੱਚ ਪੰਜ ਬੱਚਿਆਂ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੀ ਪੁਸ਼ਟੀ ਹੋਈ ਸੀ। ਐਚਐਮਪੀਵੀ ਦੇ ਦੋ ਮਾਮਲੇ ਤਾਮਿਲਨਾਡੂ ਵਿੱਚ, ਇੱਕ ਚੇਨਈ ਵਿੱਚ ਅਤੇ ਇੱਕ ਸਲੇਮ ਵਿੱਚ ਰਿਪੋਰਟ ਕੀਤੇ ਗਏ ਹਨ, ਜਦੋਂ ਕਿ ਗੁਜਰਾਤ ਵਿੱਚ ਐਚਐਮਪੀਵੀ ਦਾ ਦੂਜਾ ਕੇਸ ਦੋ ਮਹੀਨਿਆਂ ਦੇ ਬੱਚੇ ਵਿੱਚ ਸਾਹਮਣੇ ਆਇਆ ਹੈ, ਜਿਸ ਨੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਸ ਦੇ ਨਾਲ ਹੀ ਕਰਨਾਟਕ ਵਿੱਚ ਇਸ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ। ਹਸਪਤਾਲ 'ਚ ਇਲਾਜ ਤੋਂ ਬਾਅਦ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਐਚਐਮਪੀਵੀ ਕੋਈ ਨਵਾਂ ਵਾਇਰਸ ਨਹੀਂ ਹੈ ਅਤੇ ਦੇਸ਼ ਵਿੱਚ ਕਿਸੇ ਵੀ ਆਮ ਸਾਹ ਦੇ ਵਾਇਰਸ ਦੇ ਜਰਾਸੀਮ ਵਿੱਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ। : ਜੇਪੀ ਨੱਡਾ, ਕੇਂਦਰੀ ਸਿਹਤ ਮੰਤਰੀ
ਨੱਡਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਚੀਨ ਵਿੱਚ ਐਚਐਮਪੀਵੀ ਦੀਆਂ ਤਾਜ਼ਾ ਰਿਪੋਰਟਾਂ ਦੇ ਮੱਦੇਨਜ਼ਰ, ਸਿਹਤ ਮੰਤਰਾਲਾ, ਦੇਸ਼ ਦੀ ਸਰਵਉੱਚ ਸਿਹਤ ਖੋਜ ਸੰਸਥਾ ICMR ਅਤੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਚੀਨ ਅਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
2001 ਵਿੱਚ ਹੋਈ ਸੀ ਐਚਐਮਪੀਵੀ ਦੀ ਪਛਾਣ
ਜੇਪੀ ਨੱਡਾ ਨੇ ਕਿਹਾ, "ਸਿਹਤ ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਐਚਐਮਪੀਵੀ ਕੋਈ ਨਵਾਂ ਵਾਇਰਸ ਨਹੀਂ ਹੈ। ਇਸਦੀ ਪਛਾਣ ਪਹਿਲੀ ਵਾਰ 2001 ਵਿੱਚ ਹੋਈ ਸੀ ਅਤੇ ਇਹ ਕਈ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ। ਐਚਐਮਪੀਵੀ ਸਾਹ ਲੈਣ ਨਾਲ ਫੈਲਦਾ ਹੈ। ਇਹ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।" ਵਾਇਰਸ ਸਰਦੀਆਂ ਅਤੇ ਬਸੰਤ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵਧੇਰੇ ਫੈਲਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸਥਿਤੀ ਦਾ ਨੋਟਿਸ ਲਿਆ ਹੈ ਅਤੇ ਜਲਦੀ ਹੀ ਆਪਣੀ ਰਿਪੋਰਟ ਸਾਂਝੀ ਕੀਤੀ ਜਾਵੇਗੀ।