ਨਵੀਂ ਦਿੱਲੀ:1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਕੇਸ ਵਿੱਚ ਮੁਲਜ਼ਮ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਦਰਜ ਕੇਸ ਦੀ ਅੱਜ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਵੇਗੀ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਮਾਮਲੇ ਦੀ ਸੁਣਵਾਈ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ 30 ਨਵੰਬਰ 2023 ਨੂੰ ਬਚਾਅ ਪੱਖ ਤੋਂ ਸਬੂਤ ਬੰਦ ਕਰ ਦਿੱਤੇ ਸਨ। ਸੱਜਣ ਕੁਮਾਰ ਨੇ 1 ਨਵੰਬਰ 2023 ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ। ਅਦਾਲਤ ਨੇ 27 ਅਪ੍ਰੈਲ 2022 ਨੂੰ ਸੱਜਣ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਸੀ। 19 ਅਪਰੈਲ 2022 ਨੂੰ ਇਸ ਕੇਸ ਵਿੱਚ ਇਸਤਗਾਸਾ ਪੱਖ ਦੇ ਦੋ ਗਵਾਹ ਸਰਬਜੀਤ ਸਿੰਘ ਬੇਦੀ ਅਤੇ ਦਲੀਪ ਕੁਮਾਰ ਓਹਰੀ ਨੇ ਆਪਣੇ ਬਿਆਨ ਦਰਜ ਕਰਵਾਏ ਸਨ। ਅਦਾਲਤ ਵਿੱਚ 93 ਸਾਲਾ ਗਵਾਹ ਡੀਕੇ ਅਗਰਵਾਲ ਦੇ ਬਿਆਨ ਦੀ ਸੀਲਬੰਦ ਕਾਪੀ ਪੇਸ਼ ਕੀਤੀ ਗਈ। ਅਗਰਵਾਲ ਦਾ ਬਿਆਨ ਕੜਕੜਡੂਮਾ ਅਦਾਲਤ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਸਾਹਮਣੇ ਦਰਜ ਕੀਤਾ ਗਿਆ। 29 ਮਾਰਚ 2022 ਨੂੰ ਅਦਾਲਤ ਨੇ ਡੀਕੇ ਅਗਰਵਾਲ ਨੂੰ ਉਨ੍ਹਾਂ ਦੀ ਬਿਮਾਰੀ ਅਤੇ ਬੁਢਾਪੇ ਦੇ ਮੱਦੇਨਜ਼ਰ ਉਨ੍ਹਾਂ ਦੇ ਘਰ ਜਾ ਕੇ ਬਿਆਨ ਦਰਜ ਕਰਨ ਦਾ ਹੁਕਮ ਦਿੱਤਾ ਸੀ।
29 ਮਾਰਚ 2022 ਨੂੰ ਅਦਾਲਤ ਵਿੱਚ ਦੋ ਗਵਾਹਾਂ ਡਾ. ਪੁਨੀਤ ਜੈਨ ਅਤੇ ਮਨੋਜ ਸਿੰਘ ਨੇਗੀ ਦੇ ਬਿਆਨ ਦਰਜ ਕੀਤੇ ਗਏ ਸਨ। 23 ਦਸੰਬਰ 2021 ਨੂੰ ਅਦਾਲਤ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। 16 ਦਸੰਬਰ 2021 ਨੂੰ ਸੱਜਣ ਕੁਮਾਰ ਨੇ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਮੁਕੱਦਮੇ ਦਾ ਸਾਹਮਣਾ ਕਰੇਗਾ। ਬੀਤੀ 4 ਦਸੰਬਰ ਨੂੰ ਅਦਾਲਤ ਨੇ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ।