ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਮਨੋਹਰ ਜੋਸ਼ੀ ਦਾ ਸ਼ੁੱਕਰਵਾਰ ਤੜਕੇ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ 86 ਸਾਲਾ ਮਨੋਹਰ ਜੋਸ਼ੀ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮਨੋਹਰ ਜੋਸ਼ੀ ਦਾ ਅੱਜ ਦੁਪਹਿਰ 2 ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਰਾਤ ਕਰੀਬ 3 ਵਜੇ ਆਖਰੀ ਸਾਹ ਲਿਆ। ਮਨੋਹਰ ਜੋਸ਼ੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸਵੇਰੇ 11 ਵਜੇ ਤੋਂ 2 ਵਜੇ ਤੱਕ ਮਾਟੁੰਗਾ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਦਾਦਰ ਸ਼ਮਸ਼ਾਨਘਾਟ 'ਚ ਜੋਸ਼ੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਉਨ੍ਹਾਂ ਦਾ ਅੰਤਿਮ ਸਸਕਾਰ ਦਾਦਰ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੇ ਮਨੋਹਰ ਜੋਸ਼ੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਜੋਸ਼ੀ 1995 ਤੋਂ 1999 ਤੱਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਅਤੇ ਅਣਵੰਡੇ ਸ਼ਿਵ ਸੈਨਾ ਵਲੋਂ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਆਗੂ ਸਨ। ਉਹ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ 2002 ਤੋਂ 2004 ਤੱਕ ਕੇਂਦਰ ਵਿੱਚ ਵਾਜਪਾਈ ਸਰਕਾਰ ਵਿੱਚ ਲੋਕ ਸਭਾ ਦੇ ਸਪੀਕਰ ਦਾ ਅਹੁਦਾ ਸੰਭਾਲ ਚੁੱਕੇ ਹਨ। ਮਨੋਹਰ ਜੋਸ਼ੀ ਮਾਰਚ 1995 ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਸਨ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਨਾ ਸਿਰਫ਼ ਸ਼ਿਵ ਸੈਨਾ ਤੋਂ ਪਹਿਲੇ ਮੁੱਖ ਮੰਤਰੀ ਬਣੇ ਸਗੋਂ ਉਹ ਸ਼ਿਵ ਸੈਨਾ ਦੇ ਸੰਸਥਾਪਕ ਸਵਰਗੀ ਬਾਲਾਸਾਹਿਬ ਠਾਕਰੇ ਦੇ ਬਹੁਤ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ। ਜੋਸ਼ੀ ਬਾਲਾ ਸਾਹਿਬ ਦੇ ਬਹੁਤ ਵਫ਼ਾਦਾਰ ਮੰਨੇ ਜਾਂਦੇ ਸਨ, ਇਸ ਲਈ ਜਦੋਂ ਉਨ੍ਹਾਂ ਨੂੰ ਪਿਛਲੇ ਸਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਊਧਵ ਠਾਕਰੇ ਆਪਣੀ ਪਤਨੀ ਰਸ਼ਮੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਗਏ ਸਨ। ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨ ਵਾਲੇ ਸ਼ਿਵ ਸੈਨਾ ਦੇ ਪਹਿਲੇ ਨੇਤਾ ਹਨ ਅਤੇ 1966 ਵਿੱਚ ਇਸ ਪਾਰਟੀ ਦੇ ਗਠਨ ਤੋਂ ਬਾਅਦ ਇਸ ਨਾਲ ਜੁੜੇ ਹੋਏ ਹਨ।