ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪੱਛਮੀ ਦਿੱਲੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਰਿੰਗ ਰੋਡ ’ਤੇ ਰਾਜਾ ਗਾਰਡਨ ਵਿਖੇ ਤਿੰਨ ਮਾਰਗੀ ਫਲਾਈਓਵਰ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅੱਧਾ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਅੱਧਾ ਘੰਟਾ ਲੱਗ ਜਾਂਦਾ ਸੀ। ਹੁਣ ਇਹ ਯਾਤਰਾ ਸਿਰਫ਼ ਤਿੰਨ ਮਿੰਟਾਂ ਵਿੱਚ ਹੀ ਪੂਰੀ ਹੋ ਜਾਵੇਗੀ। ਸੀਏਏ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਘੱਟ ਗਿਣਤੀਆਂ ਨੂੰ ਭਾਰਤ ਵਿੱਚ ਲਿਆ ਕੇ ਵਸਾਇਆ ਜਾਂਦਾ ਹੈ ਤਾਂ ਦੇਸ਼ ਦੀ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਜਾਵੇਗੀ। ਦੰਗੇ ਅਤੇ ਚੋਰੀ ਦੀਆਂ ਘਟਨਾਵਾਂ ਵੀ ਹੋਣਗੀਆਂ।
ਉਨ੍ਹਾਂ ਨੇ 24 ਘੰਟੇ ਬਿਜਲੀ, ਸਕੂਲ, ਮੁਹੱਲਾ ਕਲੀਨਿਕ, ਬੱਸਾਂ ਦੀ ਗਿਣਤੀ ਵਧਾਉਣ ਅਤੇ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦੀ ਸਕੀਮ ਆਦਿ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਪਹਿਲਾਂ ਪੈਸੇ ਦੀ ਕਮੀ ਨਹੀਂ ਸੀ, ਪਰ ਇਰਾਦਿਆਂ ਦੀ ਘਾਟ ਸੀ। ਉਨ੍ਹਾਂ ਨਾਲ ਮੌਜੂਦ ‘ਆਪ’ ਆਗੂ ਸੋਮਨਾਥ ਨੇ ਕਿਹਾ ਕਿ ਤਿੰਨ ਮਾਰਗੀ ਫਲਾਈਓਵਰ ਬਣਨ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।