ਨਵੀਂ ਦਿੱਲੀ:ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਇੱਕ ਜਨਸਭਾ ਅਤੇ ਦੋ ਰੋਡ ਸ਼ੋਅ ਕੀਤੇ। ਕੇਂਦਰੀ ਗ੍ਰਹਿ ਮੰਤਰੀ ਨੇ ਬਦਰਪੁਰ ਅਤੇ ਕਸਤੂਰਬਾ ਨਗਰ ਦੇ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤਾ। ਜਦੋਂ ਕਿ ਕਾਲਕਾਜੀ 'ਚ ਉਨ੍ਹਾਂ ਨੇ ਭਾਜਪਾ ਉਮੀਦਵਾਰ ਰਮੇਸ਼ ਵਿਧੂਰੀ ਦੇ ਸਮਰਥਨ 'ਚ ਜਨ ਸਭਾ ਨੂੰ ਸੰਬੋਧਨ ਕੀਤਾ।
ਕਾਲਕਾਜੀ 'ਚ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੀ ਜਨਤਾ ਝੂਠੀਆਂ ਗੱਲਾਂ ਤੋਂ ਤੰਗ ਆ ਚੁੱਕੀ ਹੈ, ਹੁਣ ਜਨਤਾ ਤਬਾਹੀ ਤੋਂ ਰਾਹਤ ਚਾਹੁੰਦੀ ਹੈ। ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦੋਵੇਂ ਇਸ ਵਾਰ ਚੋਣਾਂ ਹਾਰਨ ਜਾ ਰਹੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਆਉਣ ਵਾਲੀ 8 ਫਰਵਰੀ ਨੂੰ ਦਿੱਲੀ 'ਚ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਕੇਜਰੀਵਾਲ ਨੇ ਜਲ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਿਆਨ ਦਿੱਤਾ ਹੈ ਕਿ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਆਉਣ ਵਾਲੇ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਮਿਲਾਇਆ ਹੈ। ਜਦੋਂ ਕਿ ਜਲ ਬੋਰਡ ਵਾਲਿਆਂ ਦਾ ਕਹਿਣਾ ਸੀ ਕਿ ਕੇਜਰੀਵਾਲ ਝੂਠ ਬੋਲ ਰਿਹਾ ਹੈ। ਕੇਜਰੀਵਾਲ ਜੀ, ਜਲ ਬੋਰਡ ਦੀ ਰਿਪੋਰਟ ਕੱਲ੍ਹ ਨੂੰ ਜਨਤਕ ਕਰ ਦਿਓ, ਅਸੀਂ ਜ਼ਿੰਮੇਵਾਰੀ ਲਵਾਂਗੇ।