ਬੈਂਗਲੁਰੂ: ਕਰਨਾਟਕ ਵਿੱਚ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ/ਵਿਧਾਇਕਾਂ ਖ਼ਿਲਾਫ਼ ਮੈਜਿਸਟਰੇਟਾਂ ਵੱਲੋਂ ਦਾਇਰ ਕੇਸਾਂ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਸਟਾਲਿਨ ਖ਼ਿਲਾਫ਼ ਪਿਛਲੇ ਸਾਲ ਸਤੰਬਰ ਵਿੱਚ ਸਨਾਤਨ ਧਰਮ ਬਾਰੇ ਕਥਿਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਗਿਆ।
ਜਾਣਕਾਰੀ ਅਨੁਸਾਰ ਪਰਮੀਸ਼ਾ ਨਾਂ ਦੇ ਇੱਕ ਵਿਅਕਤੀ ਨੇ ਤਾਮਿਲਨਾਡੂ ਸਰਕਾਰ ਦੇ ਖੇਡ ਵਿਕਾਸ ਮੰਤਰੀ ਸਟਾਲਿਨ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਵਿਸ਼ੇਸ਼ ਅਦਾਲਤ ਨੇ ਪਹਿਲਾਂ ਸੰਮਨ ਜਾਰੀ ਕਰਕੇ ਉਧਯਨਿਧੀ ਸਟਾਲਿਨ ਨੂੰ 4 ਮਾਰਚ ਨੂੰ ਅਦਾਲਤ ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਹਾਲਾਂਕਿ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਮੁਲਜ਼ਮਾਂ ਨੂੰ ਪੁਲਿਸ ਅਧਿਕਾਰੀ ਰਾਹੀਂ ਸੰਮਨ ਭੇਜੇ ਜਾਣੇ ਚਾਹੀਦੇ ਸਨ ਤਾਂ ਹੁਣ ਅਦਾਲਤ ਨੇ ਅਧਿਕਾਰ ਖੇਤਰ ਵਾਲੇ ਪੁਲਿਸ ਅਧਿਕਾਰੀ ਰਾਹੀਂ ਨਵੇਂ ਸਿਰੇ ਤੋਂ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਅਦਾਲਤ ਨੇ ਦੂਜੇ ਦੋਸ਼ੀ, ਤਾਮਿਲਨਾਡੂ ਦੇ ਲੇਖਕ ਐਸ ਵੈਂਕਟੇਸ਼, ਤੀਜੇ ਦੋਸ਼ੀ, ਤਾਮਿਲਨਾਡੂ ਰਾਈਟਰਜ਼ ਦੇ ਸੂਬਾ ਪ੍ਰਧਾਨ ਮਧੂਕਰ ਰਾਮਾਲਿੰਗਮ ਅਤੇ ਚੌਥੇ ਦੋਸ਼ੀ ਅਦਵਨ ਦਿਚਨਿਆ (ਕਲਾਕਾਰ ਸੰਘ ਦੇ ਸਕੱਤਰ) ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ, ਜਿਸ ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।