ਮੁੰਬਈ:ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਮੁੰਬਈ ਪੁਲਿਸ ਨੇ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਸ਼ੁਭਮ ਲੋਨਕਰ ਦੇ 28 ਸਾਲਾ ਭਰਾ ਪ੍ਰਵੀਨ ਲੋਨਕਰ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਵੀਨ ਨੇ ਸ਼ੁਭਮ ਲੋਂਕਰ ਦੇ ਨਾਲ ਧਰਮਰਾਜ ਕਸ਼ਯਪ ਅਤੇ ਸ਼ਿਵਕੁਮਾਰ ਗੌਤਮ ਨੂੰ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਬਾਬਾ ਸਿੱਦੀਕੀ ਕਤਲ ਕਾਂਡ ਦੇ ਚੌਥੇ ਮੁਲਜ਼ਮ ਮੁਹੰਮਦ ਜ਼ੀਸ਼ਾਨ ਅਖ਼ਤਰ ਦੀ ਪਛਾਣ ਕੀਤੀ ਸੀ। ਪੁਲਿਸ ਮੁਤਾਬਿਕ ਜ਼ੀਸ਼ਾਨ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਉਹ ਇਸ ਸਾਲ ਜੂਨ ਵਿੱਚ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਇਆ ਸੀ। ਪਟਿਆਲਾ ਜੇਲ੍ਹ ਵਿੱਚ ਕੈਦ ਦੌਰਾਨ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਅਪਰਾਧੀਆਂ ਦੇ ਸੰਪਰਕ ਵਿੱਚ ਆਇਆ ਸੀ।
ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ 'ਚ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿੱਚੋਂ ਇੱਕ ਨੂੰ 21 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਦੇ ਨਾਲ ਹੀ ਦੂਜੇ ਮੁਲਜ਼ਮ ਧਰਮਰਾਜ ਕਸ਼ਯਪ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ ਕਿਉਂਕਿ ਉਸ ਨੇ ਖੁਦ ਨੂੰ ਨਾਬਾਲਿਗ ਦੱਸਿਆ ਹੈ। ਧਰਮਰਾਜ ਕਸ਼ਯਪ ਦੀ ਅਸਲ ਉਮਰ ਦਾ ਪਤਾ ਲਗਾਉਣ ਲਈ ਹੱਡੀਆਂ ਦਾ ਓਸੀਫਿਕੇਸ਼ਨ ਟੈਸਟ ਕਰਵਾਇਆ ਜਾਵੇਗਾ। ਅਦਾਲਤ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।